.
.

ਪੋਰਸ ਤੇ ਸਿਕੰਦਰ ਦੀ ਲੜਾਈ ਦਾ ਸੱਚ


zpage248ਆਰੀਆ ਕਬੀਲਿਆਂ ਦੇ ਆਉਣ ਤੋਂ ਲੈ ਕੇ ਸ਼ਾਹ ਜ਼ਮਾਨ ਦੇ ਸਮੇਂ (1798-99) ਤੱਕ ਕੋਈ ਨਾ ਕੋਈ ਹਮਲਾਵਰ ਭਾਰਤ ਆਉਂਦਾ ਰਿਹਾ। ਹਰ ਹਮਲਾਵਰ ਇਸ ਦੇਸ਼ ਨੂੰ ਲੁੱਟ ਕੇ ਲਿਜਾਂਦਾ ਜਾਂ ਇੱਥੇ ਰਾਜ ਕਰਦਾ ਰਿਹਾ। ਇਹ ਹਮਲਾਵਰ ਆਪਣਾ ਇਤਿਹਾਸ ਆਪ ਲਿਖਦੇ ਰਹੇ ਹਨ। ਹਾਰਨ ਵਾਲੀ ਧਿਰ ਭਾਵ ਅਸੀਂ ਜਾਂ ਤਾਂ ਆਪਣਾ ਇਤਿਹਾਸ ਲਿਖਿਆ ਹੀ ਨਹੀਂ ਤੇ ਜਾਂ ਫਿਰ ਸਾਡੇ ਲਿਖੇ ਹੋਏ ਇਤਿਹਾਸ ਨੂੰ ਇਨ੍ਹਾਂ ਹਮਲਾਵਰਾਂ ਨੇ ਰਹਿਣ ਨਹੀਂ ਦਿੱਤਾ। ਸਾਡੀਆਂ ਵਿੱਦਿਅਕ ਸੰਸਥਾਵਾਂ ਵਿੱਚ ਪੜ੍ਹਾਏ ਜਾਂਦੇ ਇਤਿਹਾਸ ‘ਚ ਦੱਸਿਆ ਜਾਂਦਾ ਹੈ ਕਿ ਭਾਰਤ ਸੋਨੇ ਦੀ ਚਿੜੀ ਸੀ ਅਤੇ ਇਸ ਨੂੰ ਹਰ ਹਮਲਾਵਰ ਲੁੱਟ ਕੇ ਲਿਜਾਂਦਾ ਰਿਹਾ ਹੈ। ਇਹ ਗੱਲ ਕਿਤੇ ਨਹੀਂ ਮਿਲੇਗੀ ਕਿ ਸਾਡੇ ਦੇਸ਼ ਨੇ ਹਮਲਾਵਰ ਨੂੰ ਮੂੰਹ-ਤੋੜ ਜਵਾਬ ਦਿੱਤਾ। ਇਉਂ ਜਾਪਦਾ ਹੈ ਜਿਵੇਂ ਅਸੀਂ ਇਨ੍ਹਾਂ ਹਮਲਾਵਰਾਂ ਦੇ ਹਮਲਿਆਂ ਕਾਰਨ ਮਾਣ ਮਹਿਸੂਸ ਕਰਦੇ ਹਾਂ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਹਮਲਾਵਰਾਂ ਦਾ ਇਤਿਹਾਸ ਸਾਡੇ ਪਾਸ ਇਨ੍ਹਾਂ ਦਾ ਹੀ ਲਿਖਿਆ ਹੋਇਆ ਹੈ। ਇਸੇ ਤਰਜ਼ ‘ਤੇ ਇਤਿਹਾਸ ਵਿੱਚ ਸਿਕੰਦਰ ਨੂੰ ‘ਵਿਸ਼ਵ-ਜੇਤੂ ਸਿਕੰਦਰ ਮਹਾਨ’ ਦੇ ਰੂਪ ਵਿੱਚ ਦਿਖਾਇਆ ਗਿਆ ਹੈ ਪਰ ਪੋਰਸ ਨੂੰ ਹਾਰਿਆ ਅਤੇ ਆਪਣੇ ਰਾਜ-ਭਾਗ ਦੀ ਖੈਰ ਮੰਗਦਾ ਹੋਇਆ ਦਿਖਾਇਆ ਹੈ। ਪੋਰਸ ਕਹਿ ਰਿਹਾ ਹੈ ਕਿ ‘ਜਿਸ ਤਰ੍ਹਾਂ ਦਾ ਸਲੂਕ ਇੱਕ ਬਾਦਸ਼ਾਹ ਨੂੰ ਦੂਜੇ ਬਾਦਸ਼ਾਹ ਨਾਲ ਕਰਨਾ ਚਾਹੀਦਾ ਹੈ ਉਸ ਨਾਲ ਵੀ ਉਸੇ ਤਰ੍ਹਾਂ ਦਾ ਸਲੂਕ ਕੀਤਾ ਜਾਵੇ’। ਰਾਜਨੀਤੀ ਅਤੇ ਲੜਾਈ ਦਾ ਅਸੂਲ ਹੈ ਕਿ ਇੱਕ ਥਾਂ ‘ਤੇ ਬਾਦਸ਼ਾਹ ਇੱਕ ਹੀ ਹੋਵੇਗਾ, ਦੋ ਬਾਦਸ਼ਾਹ ਇੱਕਠੇ ਨਹੀਂ। ਜਿੱਤਿਆ ਹੋਇਆ ਬਾਦਸ਼ਾਹ ਹਾਰੇ ਹੋਏ ਬਾਦਸ਼ਾਹ ਨੂੰ ਕਦੇ ਵੀ ਬਾਦਸ਼ਾਹ ਨਹੀਂ ਮੰਨੇਗਾ। ਜੇ ਹਾਰਿਆ ਹੋਇਆ ਬਾਦਸ਼ਾਹ ਜਿੱਤੇ ਹੋਏ ਕੋਲੋਂ ਰਾਜ-ਭਾਗ ਦੀ ਸਲਾਮਤੀ ਮੰਗੇਗਾ ਤਾਂ ਸਿਰਫ਼ ਇਹ ਉਹਦੀ ਮੰਗ ਹੀ ਹੋਵੇਗੀ ਅਤੇ ਮੰਗਿਆਂ ਕਦੇ ਰਾਜ-ਭਾਗ ਨਹੀਂ ਮਿਲਦੇ। ਮੰਗਿਆਂ ਸਿਰਫ਼ ਖੈਰ ਹੀ ਮਿਲ ਸਕਦੀ ਹੈ।

ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਪੰਜਾਬ (ਹਿੰਦੁਸਤਾਨ) ਉਪਰ ਹਮਲਾ ਕਰਨ ਤੋਂ ਪਹਿਲਾਂ ਸਿਕੰਦਰ ਨੇ ਇਰਾਨ ਅਤੇ ਅਰਬ ਦੇਸ਼ਾਂ ਨੂੰ ਵੀ ਜਿੱਤਿਆ ਸੀ। ਇਨ੍ਹਾਂ ਮੁਲਕਾਂ ਦੀਆਂ ਮੁੱਢਲੀਆਂ ਲਿਖਤਾਂ ਵਿੱਚ ਕਿਤੇ ਵੀ ਸਿਕੰਦਰ ਨੂੰ ‘ਮਹਾਨ’ ਜਾਂ ‘ਵਿਸ਼ਵ-ਜੇਤੂ’ ਨਹੀਂ ਲਿਖਿਆ ਗਿਆ ਸਗੋਂ ਉਸ ਨੂੰ ‘ਸ਼ੈਤਾਨ’ ਦਾ ਵਿਸ਼ੇਸ਼ਣ ਦਿੱਤਾ ਗਿਆ ਹੈ। ਇਰਾਨ ਦੇ ਮਸ਼ਹੂਰ ਕਵੀ ਫਿਰਦੌਸੀ ਦਾ ਸ਼ਾਹਨਾਮਾ ਇਰਾਨੀ ਇਤਿਹਾਸ ਅਤੇ ਸਿਕੰਦਰ ਤੇ ਪੋਰਸ ਦੀ ਬਹੁਤ ਵਿਸਥਾਰਪੂਰਵਕ ਜਾਣਕਾਰੀ ਦਿੰਦਾ ਹੈ ਪਰ ਉਸ ਵਿੱਚ ਪੋਰਸ ਨੂੰ ਸਿਕੰਦਰ ਤੋਂ ਜ਼ਿਆਦਾ ਥਾਂ ਦਿੱਤੀ ਗਈ ਹੈ। ਫਿਰਦੌਸੀ ਸਿਰਫ਼ ਇਰਾਨੀ ਰਵਾਇਤਾਂ ਦੇ ਆਧਾਰ ‘ਤੇ ਹੀ ਗੱਲ ਕਰਦਾ ਹੈ। ਉਹ ਯੂਨਾਨੀ ਇਤਿਹਾਸ ਦਾ ਕਿਤੇ ਵੀ ਜ਼ਿਕਰ ਨਹੀਂ ਕਰਦਾ।

ਇਸੇ ਤਰ੍ਹਾਂ ਇੱਕ ਯੂਨਾਨੀ ਲੇਖਕ  ਕਲਿਸਥੇਨਜ਼ ਵੀ ਸਿਕੰਦਰ ਵਾਂਗ ਫ਼ਿਲਾਸਫਰ ਅਰਸਤੂ ਦਾ ਸ਼ਾਗਿਰਦ ਸੀ ਪਰ ਉਹ ਅਰਸਤੂ ਦਾ ਰਿਸ਼ਤੇਦਾਰ ਵੀ ਸੀ। ਜਦੋਂ ਸਿਕੰਦਰ ਪੰਜਾਬ ਵੱਲ ਰਵਾਨਾ ਹੋਇਆ ਤਾਂ ਅਰਸਤੂ ਦੀ ਸਿਫ਼ਾਰਸ਼ ਨਾਲ ਉਹ ਵੀ ਸਿਕੰਦਰ ਦੇ ਨਾਲ ਆ ਗਿਆ ਸੀ ਪਰ ਉਹ ਬਾਕੀ ਯੂਨਾਨੀ ਲੇਖਕਾਂ ਨਾਲੋਂ ਅਲੱਗ ਹੀ ਰਿਹਾ। ਉਸ ਨੇ ਆਪਣੇ ਤੌਰ ‘ਤੇ ਜਿਸ ਤਰ੍ਹਾਂ ਸਿਕੰਦਰ ਅਤੇ ਉਸ ਦੀ ਲੜਾਈ ਨੂੰ ਦੇਖਿਆ ਸੀ ਉਸੇ ਤਰ੍ਹਾਂ ਲਿਖ ਦਿੱਤਾ। ਇਸ ਤਰ੍ਹਾਂ ਲਿਖਣ ਕਾਰਨ ਸਿਕੰਦਰ ਨੇ ਕਈ ਵਾਰ ਉਸ ਨੂੰ ਝਿੜਕਿਆ ਵੀ ਪਰ ਉਹ ਆਪਣੀ ਆਜ਼ਾਦੀ ਨਾਲ ਲਿਖਣ ਤੋਂ ਨਾ ਟਲਿਆ। ਅਖੀਰ ਉਹ ਪੰਜਾਬ ਵਿੱਚ ਮਰ ਗਿਆ ਜਾਂ ਮਾਰ ਦਿੱਤਾ ਗਿਆ ਸੀ ਪਰ ਉਸ ਦੇ ਸਾਥੀਆਂ ਨੇ ਉਸ ਦੀਆਂ ਲਿਖਤਾਂ ਨੂੰ ਕਿਸੇ ਤਰੀਕੇ ਸੰਭਾਲ ਰੱਖਿਆ ਸੀ। ਇਹ ਲਿਖਤਾਂ ਸਿਕੰਦਰ ਵੱਲੋਂ ਜਿੱਤੇ ਹੋਏ ਦੇਸ਼ਾਂ ਵਿੱਚ ਚਲੀਆਂ ਗਈਆਂ। ਉੱਥੇ ਇਨ੍ਹਾਂ ਦਾ ਅਵੇਸਤਾ, ਅਰਬੀ ਅਤੇ ਇਥੋਪੀਆਈ ਭਾਸ਼ਾਵਾਂ ‘ਚ ਅਨੁਵਾਦ ਕੀਤਾ ਗਿਆ। ਇਸ ਸਮੇਂ ਸਾਡੇ ਪਾਸ ਕਲਿਸਥੇਨਜ਼ ਦੀਆਂ ਲਿਖਤਾਂ ਦਾ ਇਥੋਪੀਆਈ ਅਨੁਵਾਦ ਹੈ। ਇਸ ਵਿੱਚ ਸਿਕੰਦਰ ਬਾਰੇ ਕੀਤੇ ਗਏ ਵਰਣਨ ਨੂੰ ਆਧੁਨਿਕ ਇਤਿਹਾਸਕਾਰ ਅਰਨਸਟ ਏ. ਵਾਲਿਸ ਬੱਜ ਨੇ ਆਪਣੀ ਪੁਸਤਕ ਵਿੱਚ ਦਿੱਤਾ ਹੈ। ਇਸ ਤਰ੍ਹਾਂ ਪਤਾ ਲਗਦਾ ਹੈ ਕਿ ਕਲਿਸਥੇਨਜ਼ ਦਾ ਸਿਕੰਦਰ ਅਤੇ ਪੋਰਸ ਦੀ ਲੜਾਈ ਦਾ ਬਿਰਤਾਂਤ ਸਿਕੰਦਰ ਦੇ ਆਪਣੇ ਇਤਿਹਾਸਕਾਰਾਂ ਵੱਲੋਂ ਦਿੱਤੇ ਗਏ ਬਿਰਤਾਂਤ ਨਾਲੋਂ ਬਿਲਕੁਲ ਵੱਖਰਾ ਹੈ।

The_phalanx_attacking_the_centre_in_the_battle_of_the_Hydaspes_by_Andre_Castaigne_(1898-1899)ਸਾਡੇ ਇਤਿਹਾਸ ਦਾ ਦੁਖਾਂਤ ਹੈ ਕਿ ਸਾਡੀ ਕਿਸੇ ਵੀ ਲਿਖਤ ਵਿੱਚ ਪੋਰਸ ਅਤੇ ਸਿਕੰਦਰ ਦੀ ਲੜਾਈ ਦਾ ਬਿਰਤਾਂਤ ਨਹੀਂ ਹੈ। ਸਾਡੇ ਰਿਸ਼ੀਆਂ-ਮੁਨੀਆਂ ਵੱਲੋਂ ਲਿਖੇ ਗਏ ਗ੍ਰੰਥ ਮਿਥਿਹਾਸਕ ਕਥਾ-ਕਹਾਣੀਆਂ ਜਾਂ ਫਿਰ ਸਮਾਜਿਕ ਵੰਡ (ਜਾਤ-ਪਾਤ) ਦੀਆਂ ਕਥਾਵਾਂ ਨਾਲ ਭਰੇ ਹੋਏ ਹਨ। ਕੁਝ ਅਜੋਕੇ ਇਤਿਹਾਸਕਾਰਾਂ ਨੇ ਮਹਾਭਾਰਤ ਵਿੱਚੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਕਿਸੇ ਵੀ ਤਰੀਕੇ ਪੋਰਸ ਦਾ ਇੱਕ ਯੋਧੇ ਵਜੋਂ ਵਰਣਨ ਦੇਣ ਵਿੱਚ ਸਫ਼ਲ ਨਹੀਂ ਹੁੰਦੀ। ਇਸ ਦੇ ਸਿੱਟੇ ਵਜੋਂ ਸਾਡੇ ਇਤਿਹਾਸਕਾਰਾਂ ਨੇ ਸਿਕੰਦਰ ਦੇ ਇਤਿਹਾਸਕਾਰਾਂ ਦੀਆਂ ਲਿਖਤਾਂ ਨੂੰ ਹੀ ਅਪਣਾ ਲਿਆ ਹੈ। ਜਦੋਂ ਸਿਕੰਦਰ ਦੇ ਇਤਿਹਾਸਕਾਰਾਂ ਦੀਆਂ ਲਿਖਤਾਂ ਵਿੱਚੋਂ ਹੀ ਜਾਣਕਾਰੀ ਲੈਣ ਕਾਰਨ ਸਾਡੇ ਇਤਿਹਾਸਕਾਰਾਂ ਦੀਆਂ ਲਿਖਤਾਂ ਵਿੱਚ ‘ਸਿਕੰਦਰ ਮਹਾਨ’ ਅਤੇ ‘ਵਿਸ਼ਵ-ਜੇਤੂ’  ਬਣਿਆ ਹੋਇਆ ਹੈ।

ਏਰੀਅਨ ਨਿਕੋਮਿਡੱਈਆ, ਕੁਇੰਟਸ ਕਰਟੀਅਸ, ਪਲੂਟਾਰਕ, ਡਾਇਓਡੋਰੋਸ ਅਤੇ ਜਸਟਿਨਸ ਜਾਂ ਜਸਟਿਨ ਟਰੌਂਟੀਨਸ ਜਿਹੇ ਪ੍ਰਸਿੱਧ ਇਤਿਹਾਸਕਾਰ ਸਿਕੰਦਰ ਦੇ ਸਮਕਾਲੀ ਸਨ। ਉਹ ਸਾਰੇ ਉਸ ਦੇ ਨਾਲ ਸਨ। ਉਨ੍ਹਾਂ ਦੀਆਂ ਮੌਲਿਕ ਲਿਖਤਾਂ ਤਾਂ ਅੱਜ-ਕੱਲ੍ਹ ਉਪਲੱਬਧ ਨਹੀਂ ਪਰ ਉਨ੍ਹਾਂ ਦੀਆਂ ਲਿਖਤਾਂ ਦੇ ਹਵਾਲੇ ਡਬਲਿਊ.ਐੱਮ.ਕਰਿੰਡਲ ਨੇ ਆਪਣੀ ਪੁਸਤਕ ਵਿੱਚ ਉਲਥਾ ਕੇ ਦਿੱਤੇ ਹਨ। ਇਨ੍ਹਾਂ ਇਤਿਹਾਸਕਾਰਾਂ ਬਾਰੇ ਪ੍ਰੋ. ਫਰੀਮੈਨ ਨੇ ਆਪਣੀ ਪੁਸਤਕ ਵਿੱਚ ਲਿਖਿਆ ਹੈ: ‘ਅਸਲ ਵਿੱਚ ਇਨ੍ਹਾਂ ਨੂੰ ਇਤਿਹਾਸਕਾਰ ਕਹਿਣਾ ਹੀ ਠੀਕ ਨਹੀਂ ਜਾਪਦਾ। ਇਹ ਲੇਖਕ ਸਾਡੀ ਸਮਝ ਤੋਂ ਬਾਹਰ ਹਨ। ਇਨ੍ਹਾਂ ਨੇ ਕੁਝ ਕਥਾ-ਕਹਾਣੀਆਂ ਲਿਖ ਕੇ ਸਦਾਚਾਰਕ ਸਿੱਟੇ ਕੱਢੇ ਹਨ। ਇਹ ਕਮਜ਼ੋਰ ਜਿਹੀਆਂ ਅਤੇ ਸੰਖੇਪ ਰਚਨਾਵਾਂ ਪੇਸ਼ ਕਰਦੇ ਹਨ। ਇਹ ਸਾਰੇ ਹੀ, ਖ਼ਾਸ ਕਰਕੇ ਜਸਟਿਨਸ (ਜਸਟਿਨ), ਕਲਪਿਤ ਕਹਾਣੀਆਂ ਲਿਖਣ ਵਾਲਿਆਂ ਤੋਂ ਵੱਧ ਕੁਝ ਨਹੀਂ ਹਨ। ਇਨ੍ਹਾਂ ਨੇ ਜਾਣ-ਬੁੱਝ ਕੇ ਸੱਚਾਈ ਨੂੰ ਛੱਡਿਆ ਹੈ। ਸਿਰਫ਼ ਏਰੀਅਨ ਨੇ ਹੀ ਕੁਝ ਸੂਝ-ਬੂਝ ਨਾਲ ਲਿਖਿਆ ਹੈ ਪਰ ਇਹ ਵੀ ਕਈ ਥਾਈਂ ਸਿਕੰਦਰ ਦੀਆਂ ਕਮਜ਼ੋਰੀਆਂ ਉੱਪਰ ਪਰਦਾ ਪਾ ਜਾਂਦਾ ਹੈ’। ਇੱਕ ਹੋਰ ਆਧੁਨਿਕ ਇਤਿਹਾਸਕਾਰ ਪ੍ਰੋਫ਼ੈਸਰ ਤਰਨ ਆਪਣੀ ਪੁਸਤਕ ਵਿੱਚ ਇਸ ਗੱਲ ਦੀ ਪੁਸ਼ਟੀ ਕਰਦਾ ਹੈ।

ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਬੁੱਧ ਪਰਕਾਸ਼ ਨੇ ਇਨ੍ਹਾਂ ਸਾਰੇ ਯੂਨਾਨੀ ਇਤਿਹਾਸਕਾਰਾਂ ਬਾਰੇ ਲਿਖਿਆ ਕਿ “ਜਦੋਂ ਦੋ ਧਿਰਾਂ ਲੜਦੀਆਂ ਹਨ ਤਾਂ ਸਭ ਤੋਂ ਪਹਿਲੀ ਮੌਤ ਸੱਚਾਈ ਦੀ ਹੁੰਦੀ ਹੈ। ਦੋਵਾਂ ਧਿਰਾਂ ਵੱਲੋਂ ਲੜਾਈ ਬਾਰੇ ਦਿੱਤੀਆਂ ਖ਼ਬਰਾਂ ਉਨ੍ਹਾਂ ਦੇ ਆਪੋ-ਆਪਣੇ ਪੱਖਪਾਤੀ ਖਿਆਲਾਂ ਦੇ ਰੰਗ ਵਿੱਚ ਰੰਗੀਆਂ ਹੁੰਦੀਆਂ ਹਨ। ਉਹ ਦੋਵੇਂ ਦੂਜੀ ਧਿਰ ਨੂੰ ਛੁਟਿਆ ਕੇ ਆਪੋ-ਆਪਣੇ ਬਲਵਾਨ ਤੱਤਾਂ ਉੱਤੇ ਜ਼ੋਰ ਦਿੰਦੀਆਂ ਹਨ। ਇਸ ਦੇ ਬਾਵਜੂਦ ਝੂਠ ਦੇ ਹਨੇਰੇ ਵਿੱਚ ਹਮੇਸ਼ਾਂ ਕੋਈ ਘਾਟ ਰਹਿ ਜਾਂਦੀ ਹੈ ਜਿਸ ਵਿੱਚੋਂ ਸੱਚ ਦੀ ਰੋਸ਼ਨੀ ਦੀ ਕੋਈ ਕਿਰਨ ਬਾਹਰ ਨਿਕਲ ਹੀ ਆਉਂਦੀ ਹੈ ਅਤੇ ਅਸਲ ਘਟਨਾ ਬਾਰੇ ਇਸ਼ਾਰਾ ਕਰ ਜਾਂਦੀ ਹੈ। ਯੂਨਾਨੀਆਂ ਦੇ ਲਿਖੇ ਹੋਏ ਬਿਰਤਾਤਾਂ ਦੀ ਹੂ-ਬ-ਹੂ ਇਹੀ ਹਾਲਤ ਹੈ। ਉਹ ਇੱਕ-ਦੂਜੇ ਦੇ ਉਲਟ ਵੀ ਹਨ ਅਤੇ ਸਵੈ-ਵਿਰੋਧੀ, ਬੇਮੇਲ ਅਤੇ ਅਢੁੱਕਵੇਂ ਵੀ ਹਨ। ਇਹ ਤੱਥ ਇਸ ਗੱਲ ਦਾ ਲਖਾਇਕ ਹੈ ਕਿ ਉਨ੍ਹਾਂ ਵਿੱਚ ਕਿਤੇ ਨਾ ਕਿਤੇ ਕੋਈ ਉਕਾਈ ਹੈ ਜਿਹੜੀ ਉਨ੍ਹਾਂ ਵਿੱਚ ਇਕਸਾਰਤਾ ਨਹੀਂ ਆਉਣ ਦਿੰਦੀ। ਦਸਤਾਵੇਜ਼ਾਂ ਨੂੰ ਘੋਖ ਕੇ ਪਤਾ ਲੱਗਦਾ ਹੈ ਕਿ ਅਸਲ ਵਿੱਚ ਜਿਹਲਮ ਦੀ ਲੜਾਈ ਬਰਾਬਰ ਦੀ ਰਹੀ ਸੀ ਤੇ ਇਸ ਦੇ ਨਤੀਜੇ ਵਜੋਂ ਸਿਕੰਦਰ ਤੇ ਪੋਰਸ ਵਿਚਕਾਰ ਸੁਲ੍ਹਾ ਹੋ ਗਈ ਸੀ। ਇੱਕ-ਦੂਜੇ ਦੇ ਵੈਰੀ ਬਣੇ ਰਹਿਣ ਦੀ ਥਾਂ ਉਹ ਪੰਜਾਬ ਦੇ ਕਬੀਲਿਆਂ ਤੇ ਰਿਆਸਤਾਂ ਨੂੰ ਅਧੀਨ ਕਰਨ ਦੇ ਕਾਰਜ ਨੂੰ ਪੂਰਾ ਕਰਨ ਖ਼ਾਤਰ ਮਿੱਤਰ ਬਣ ਗਏ ਸਨ।” ਇਸ ਲਈ ਪੰਜਾਬ ਦੇ ਪਹਿਲੇ ਬਾਦਸ਼ਾਹ ਪੋਰਸ ਦਾ ਇਤਿਹਾਸ ਅਹਿਮ ਹੈ। ਪੋਰਸ ਦਾ ਸਮਾਂ ਅੰਦਾਜ਼ਨ 335 ਪੂ.ਈ. ਤੋਂ ਲੈ ਕੇ 325 ਪੂ.ਈ. ਤੱਕ ਦਾ ਸੀ। ਪੋਰਸ ਦੇ ਸਮੇਂ ਪੰਜਾਬ ਦੀ ਧਰਤੀ ‘ਤੇ ਜੱਟ ਕਬੀਲਿਆਂ ਦਾ ਬੋਲਬਾਲਾ ਸੀ। ਪੋਰਸ ਸਭ ਤੋਂ ਵੱਡੇ ਜੱਟ ਕਬੀਲੇ ‘ਮਦਰਾਂ’ ਦਾ ਸਰਦਾਰ ਸੀ। ਮਦਰਾਂ ਦੇ ਨਾਲ ਨਾਲ ਮਾਲਵ ਅਤੇ ਸਾਲਵ ਨਾਂ ਦੇ ਦੋ ਹੋਰ ਵੱਡੇ ਜੱਟ ਕਬੀਲੇ ਸਨ। ਮਾਲਵਾਂ ਨੇ ਮਾਲਵੇ ਵਿੱਚ ਸਰਦਾਰੀ ਕਾਇਮ ਕਰ ਲਈ ਸੀ ਅਤੇ ਸਾਲਵਾਂ ਨੇ ਸਿਆਲਕੋਟ ਨੂੰ ਕੇਂਦਰ ਮੰਨ ਕੇ ਆਪਣੀ ਸਰਦਾਰੀ ਕਾਇਮ ਕੀਤੀ ਹੋਈ ਸੀ। ਮਦਰਾਂ ਨੇ ਪੋਰਸ ਦੀ ਅਗਵਾਈ ਹੇਠ ਚੱਜ ਅਤੇ ਰਚਨਾ ਦੁਆਬ ਵਿੱਚ ਆਪਣਾ ਰਾਜ ਸਥਾਪਤ ਕਰ ਲਿਆ ਸੀ।

castscythcharਮਦਰ ਕਬੀਲਾ ਜਿਹਲਮ ਅਤੇ ਰਾਵੀ ਦੇ ਵਿਚਕਾਰਲੇ ਦੁਆਬਾਂ ਵਿੱਚ ਫੈਲਿਆ ਹੋਇਆ ਸੀ। ਰਾਵੀ ਤੋਂ ਉਰ੍ਹਾਂ ਬਿਆਸ, ਸਤਲੁਜ ਅਤੇ ਘੱਗਰ-ਸਰਸਵਤੀ ਤਕ ਮਾਲਵ ਕਬੀਲਾ ਪਸਰਿਆ ਹੋਇਆ ਸੀ। ਜੱਟਾਂ ਦੇ ਅਜੋਕੇ ਅਨੇਕਾਂ ਗੋਤ ਇਨ੍ਹਾਂ ਵਿੱਚੋਂ ਹੀ ਪੈਦਾ ਹੋਏ ਹਨ। ਇਨ੍ਹਾਂ ਇਲਾਕਿਆਂ ਵਿੱਚ ਹੋਰ ਛੋਟੇ-ਮੋਟੇ ਕਬੀਲੇ ਵੀ ਵਸੇ ਹੋਏ ਸਨ ਪਰ ਦਬਦਬਾ ਮਦਰ, ਸਾਲਵ ਅਤੇ ਮਾਲਵ ਕਬੀਲਿਆਂ ਦਾ ਹੀ ਸੀ। ਮਦਰ ਕਬੀਲੇ ਦੇ ਸਰਦਾਰ ਪੋਰਸ ਦੇ ਮਨ ਵਿੱਚ ਪੰਜਾਬ ਵਿਚਲੇ ਸਾਰੇ ਜੱਟ ਕਬੀਲਿਆਂ ਨੂੰ ਇਕੱਠਾ ਕਰਕੇ ਸ਼ਕਤੀਸ਼ਾਲੀ ਬਾਦਸ਼ਾਹਤ ਕਾਇਮ ਕਰਨ ਦੀ ਇੱਛਾ ਸੀ। ਉਸ ਦੀ ਸਭ ਤੋਂ ਵੱਡੀ ਸਮੱਸਿਆ ਉਸ ਦੇ ਗੁਆਂਢ ਵਿੱਚ ਆਰੀਆ ਕਬੀਲਿਆਂ ਦੀਆਂ ਰਿਆਸਤਾਂ ਸਨ। ਇਨ੍ਹਾਂ ਵਿੱਚ ਤਕਸ਼ਿਲਾ ਦੀ ਰਿਆਸਤ ਦਾ ਮੁਖੀ ਰਾਜਾ ਅੰਭੀ ਸੀ। ਉਸ ਦਾ ਰਾਜ ਸਿੰਧ ਅਤੇ ਜਿਹਲਮ ਦੇ ਵਿਚਕਾਰਲੇ ਦੁਆਬ (ਸਿੰਧ-ਸਾਗਰ) ਵਿੱਚ ਸੀ। ਉਸ ਦੀ ਰਾਜਧਾਨੀ ਤਕਸ਼ਿਲਾ ਸੀ। ਇਸ ਸਮੇਂ ਦਾ ਵਿਦਵਾਨ ਚਾਣਕਯ (ਕੌਟਲਿਆ) ਉਸ ਦੀ ਮਦਦ ‘ਤੇ ਸੀ। ਚਾਣਕਯ ਦਾ ਸ਼ਾਗਿਰਦ ਚੰਦਰ ਗੁਪਤ ਡਾਕੇ ਜਾਂ ਧਾੜਾਂ ਮਾਰਨ ਵਾਲੇ ਇੱਕ ਟੋਲੇ ਦਾ ਸਰਦਾਰ ਸੀ। ਚਾਣਕਯ ਅਤੇ ਚੰਦਰ ਗੁਪਤ ਨੂੰ ਆਪਣੇ ਠਹਿਰਾਅ ਲਈ ਅੰਭੀ ਦੀ ਰਿਆਸਤ ਮਿਲ ਗਈ। ਉਨ੍ਹਾਂ ਨੇ ਅੰਭੀ ਨੂੰ ਪੋਰਸ ਦੇ ਖ਼ਿਲਾਫ਼ ਉਭਾਰਨਾ ਸ਼ੂਰੁ ਕਰ ਦਿੱਤਾ। ਘੱਗਰ-ਸਰਸਵਤੀ ਪਾਰ ਦੇ ਆਰੀਆ ਕਬੀਲੇ ਵੀ ਅੰਭੀ ਦੀ ਮਦਦ ‘ਤੇ ਸਨ। ਪੋਰਸ ਇਕੱਲਾ ਹੀ ਸ਼ਕਤੀਸ਼ਾਲੀ ਬਾਦਸ਼ਾਹ ਦੇ ਰੂਪ ਵਿੱਚ ਉੱਭਰ ਰਿਹਾ ਸੀ। ਪੋਰਸ ਦੇ ਇਸ ਉਭਾਰ ਤੋਂ ਅੰਭੀ, ਚਾਣਕਯ ਅਤੇ ਚੰਦਰ ਗੁਪਤ ਖਾਰ ਖਾਂਦੇ ਸਨ ਪਰ ਪੋਰਸ ਦਾ ਉਭਾਰ ਹਕੀਕਤ ਸੀ।

ਪ੍ਰੋ. ਬੁੱਧ ਪ੍ਰਕਾਸ਼ ਨੇ ਪੋਰਸ ਦੇ ਉਭਾਰ ਨੂੰ ਇਉਂ ਬਿਆਨ ਕੀਤਾ ਹੈ: “ਸਿਕੰਦਰ ਦੇ ਹਮਲੇ ਤੋਂ ਪਹਿਲਾਂ ਪੋਰਸ ਪੱਛਮੀ ਪੰਜਾਬ ਦਾ ਸਭ ਤੋਂ ਵਧੇਰੇ ਬਲਵਾਨ ਬਾਦਸ਼ਾਹ ਸੀ। ਹੋਰ ਸਾਰੀਆਂ ਮਹੱਤਵਪੂਰਨ ਰਿਆਸਤਾਂ ਤੇ ਰਜਵਾੜਿਆਂ ਦੀ ਕਿਸਮਤ ਉਸ ਦੀਆਂ ਨੀਤੀਆਂ ਨਾਲ ਜੁੜੀ ਹੋਈ ਸੀ। ਅੰਭੀ ਦੀ ਘਬਰਾਹਟ ਦਾ ਕਾਰਨ ਵੀ ਪੋਰਸ ਦੀ ਸ਼ਕਤੀ ਦੇ ਉਭਾਰ ਤੇ ਵਿਸਥਾਰ ਅਤੇ ਉਸ ਦੀ ਚੜ੍ਹਦੀ ਕਲਾ ਵਿੱਚੋਂ ਲੱਭਿਆ ਤੇ ਸਮਝਿਆ ਜਾ ਸਕਦਾ ਹੈ। ਡਾਇਓਡੋਰੋਸ ਲਿਖਦਾ ਹੈ ਕਿ ਪੋਰਸ ਦੀ ਫ਼ੌਜ ਵਿੱਚ ਪੰਜਾਹ ਹਜ਼ਾਰ ਪਿਆਦੇ, ਤੀਹ ਹਜ਼ਾਰ ਘੋੜ ਸਵਾਰ, ਇੱਕ ਹਜ਼ਾਰ ਤੋਂ ਵੱਧ ਰੱਥ ਅਤੇ ਇੱਕ ਸੌ ਤੀਹ ਹਾਥੀ ਸਨ। ਫ਼ੌਜ ਦੀ ਇੰਨੀ ਭਾਰੀ ਗਿਣਤੀ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਵਿੱਤੀ ਵਸੀਲੇ ਬਹੁਤ ਵਿਸ਼ਾਲ ਹੋਣਗੇ। ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ ਇੰਨੀ ਵਿਸ਼ਾਲ ਫ਼ੌਜ ਇਕੱਲੇ ਪੋਰਸ ਦੀ ਕਮਾਨ ਹੇਠ ਸੀ। ਇਸ ਤੋਂ ਪਤਾ ਲਗਦਾ ਹੈ ਕਿ ਉਸ ਸਮੇਂ ਦੇ ਰਾਜਨੀਤਕ ਵਿਚਾਰਾਂ ਦੇ ਨਵੇਂ ਝੁਕਾਵਾਂ ਅਧੀਨ ਪੋਰਸ ਨੇ ਆਪਣੇ ਰਾਜ-ਪ੍ਰਬੰਧ ਵਿੱਚ ਉੱਚੇ ਪੱਧਰ ‘ਤੇ ਕੇਂਦਰੀਕਰਣ ਕਰ ਲਿਆ ਸੀ। ਉਸ ਨੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪੱਛਮੀ ਪੰਜਾਬ ਦੇ ਕੁਝ ਭਾਗਾਂ ਦੀਆਂ ਫ਼ੌਜੀ ਜੁੰਡਲੀਆਂ ਨੂੰ ਇੱਕ ਲੜੀ ਵਿੱਚ ਪਰੋ ਕੇ ਫੌਲਾਦੀ ਜੰਗੀ ਢਾਂਚਾ ਤਿਆਰ ਕਰ ਲਿਆ ਸੀ ਜਿਸ ਵਿੱਚ ਹਮਲਾ ਕਰਨ ਦੀ ਪ੍ਰਬਲ ਸ਼ਕਤੀ ਸੀ। ਇਸੇ ਕਾਰਨ ਵਿਦੇਸ਼ੀ ਬਾਦਸ਼ਾਹ ਵੀ ਉਸ ਦੀ ਸ਼ਕਤੀ ਨੂੰ ਮੰਨਦੇ ਤੇ ਉਸ ਦੀ ਕਦਰ ਕਰਦੇ ਸਨ। ਲੋੜ ਵੇਲੇ ਉਸ ਦੀ ਮਿੱਤਰਤਾ ਤੇ ਸਹਾਇਤਾ ‘ਤੇ ਵੀ ਭਰੋਸਾ ਰੱਖਦੇ ਸਨ।

alexander2ਸਾਡੇ ਇਤਿਹਾਸਕਾਰਾਂ ਨੇ ਪੋਰਸ ਨੂੰ ਕਈ ਕਾਰਨਾਂ ਕਰਕੇ ਅਣਗੌਲਿਆ ਹੀ ਰੱਖਿਆ ਹੈ। ਪੋਰਸ ਪੰਜਾਬ ਦਾ ਐਸਾ ਤਾਕਤਵਰ ਬਾਦਸ਼ਾਹ ਸੀ ਜਿਸ ਨੇ ਸਿੰਧ ਦਰਿਆ ਨੂੰ ਪਾਰ ਕਰਕੇ ਸਮੁੱਚੇ ਕੇਂਦਰੀ ਏਸ਼ੀਆ ਨੂੰ ਫ਼ਤਿਹ ਕਰਨ ਦੀ ਯੋਜਨਾ ਬਣਾਈ ਹੋਈ ਸੀ। ਪੋਰਸ ਪਹਿਲਾਂ ਸਿੰਧ ਪਾਰ ਕਰਕੇ ਸਿਕੰਦਰ ਨੂੰ ਉਸ ਦੀ ਆਪਣੀ ਧਰਤੀ ‘ਤੇ ਹੀ ਟੱਕਰ ਦੇਣੀ ਚਾਹੁੰਦਾ ਸੀ ਪਰ ਸਾਡੇ ਦੇਸ਼ ਦਾ ਦਿਮਾਗ਼ ਸਮਝੇ ਜਾਂਦੇ ਚਾਣਕਯ ਵਰਗੇ ਵਿਅਕਤੀ, ਪੋਰਸ ਵਿਰੁੱਧ ਸਿਕੰਦਰ ਨੂੰ ਮਿਲਣ ਦੀਆਂ ਵਿਉਂਤਾਂ ਬਣਾ ਰਹੇ ਸਨ।

ਮੌਰੀਆ ਖਾਨਦਾਨ ਦੇ ਮੋਢੀ ਅਤੇ ਭਾਰਤ ਦਾ ਸਿਰਜਕ ਸਮਝੇ ਜਾਂਦੇ ਚੰਦਰ ਗੁਪਤ ਨੇ ਚਾਣਕਯ ਦੀ ਸਲਾਹ ਨਾਲ ਅੰਭੀ ਅਤੇ ਸਿਕੰਦਰ ਦਾ ਸਾਥ ਦਿੱਤਾ ਸੀ। ਇਨ੍ਹਾਂ ਸਭ ਨੇ ਪੋਰਸ ਨੂੰ ਘੇਰੀ ਰੱਖਣ ਦੀ ਯੋਜਨਾ ਬਣਾਈ ਹੋਈ ਸੀ। ਸਿਕੰਦਰ ਮਈ 326 ਪੂ.ਈ. ਵਿੱਚ ਜਿਹਲਮ ‘ਤੇ ਪਹੁੰਚਿਆ। ਪੋਰਸ ਦੀ ਫ਼ੌਜ ਜਿਹਲਮ ਦੇ ਪਰਲੇ ਕੰਢੇ ਐਸੀ ਮਜ਼ਬੂਤ ਸਥਿਤੀ ਅਨੁਸਾਰ ਖੜ੍ਹੀ ਸੀ ਕਿ ਸਿਕੰਦਰ ਸਾਹਮਣੇ ਮੱਥੇ ਦਰਿਆ ਪਾਰ ਕਰਨ ਦਾ ਹੌਂਸਲਾ ਨਹੀਂ ਕਰ ਸਕਿਆ। ਪੋਰਸ ਉੱਚੀ ਆਵਾਜ਼ ਵਿੱਚ ਲਲਕਾਰ ਕੇ ਸਿਕੰਦਰ ਨੂੰ ਕਹਿ ਰਿਹਾ ਸੀ, “ਐ ਸਿਕੰਦਰ, ਜੇ ਤੂੰ ਆਪਣੇ-ਆਪ ਨੂੰ ਬਲਵਾਨ ਸਮਝਦਾ ਹੈ ਤਾਂ ਜਿਹਲਮ ਪਾਰ ਕਰਕੇ ਦਿਖਾ।” ਸਿਕੰਦਰ ਮਈ ਤੋਂ ਲੈ ਕੇ ਜੁਲਾਈ ਤੱਕ ਲਗਾਤਾਰ ਦੋ-ਢਾਈ ਮਹੀਨੇ ਉਸੇ ਡੇਰੇ ਵਿੱਚ ਬੈਠਾ ਰਿਹਾ। ਸਿਕੰਦਰ ਨੇ ਪੋਰਸ ਨੂੰ ਧੋਖਾ ਦੇ ਕੇ ਅਸਲੀ ਥਾਂ ਤੋਂ ਤਕਰੀਬਨ ਚਾਲੀ ਕਿਲੋਮੀਟਰ ਦੂਰ ਜਾ ਕੇ ਜਿਹਲਮ ਪਾਰ ਕੀਤਾ। ਉੱਥੇ ਪੋਰਸ ਦੇ ਪੁੱਤਰ ਸੰਘਰ ਨੇ ਉਸ ਦਾ ਮੁਕਾਬਲਾ ਕੀਤਾ। ਸੰਘਰ ਆਪਣੀਆਂ ਫ਼ੌਜਾਂ ਨੂੰ ਮੋਰਚੇਬੰਦ ਕਰਕੇ ਆਪਣੇ ਪਿਤਾ ਵੱਲ ਸੁਨੇਹਾ ਭੇਜ ਕੇ ਆਪ ਇਕਦਮ ਸਿਕੰਦਰ ਉਪਰ ਟੁੱਟ ਪਿਆ। ਪੋਰਸ ਦੇ ਪੁੱਤਰ ਕੋਲ 120 ਰੱਥ ਅਤੇ 2000 ਪੈਦਲ ਸਿਪਾਹੀ ਅਤੇ ਪੰਜ ਸੌ ਘੋੜ-ਸਵਾਰ ਸਨ। ਉਸ ਨੇ ਇੰਨੀ ਤੇਜ਼ੀ ਨਾਲ ਸਿਕੰਦਰ ‘ਤੇ ਹਮਲਾ ਕੀਤਾ ਕਿ ਸਿਕੰਦਰ ਨੂੰ ਭੱਜ ਕੇ ਜਾਨ ਬਚਾਉਣੀ ਪਈ ਪਰ ਉਹ ਬਹੁਤ ਜ਼ਖ਼ਮੀ ਹੋ ਗਿਆ ਅਤੇ ਉਸ ਦਾ ਸਭ ਤੋਂ ਪਿਆਰਾ ਅਤੇ ਵਧੀਆ ਘੋੜਾ ਬੁਕੇਫੱਲਸ ਮਾਰਿਆ ਗਿਆ। ਯੂਨਾਨੀ ਲੇਖਕ ਕਰਟੀਅਸ ਲਿਖਦਾ ਹੈ: “ਸਿਕੰਦਰ ਝਟਪਟ ਲੜਾਈ ਵਿੱਚ ਸ਼ਾਮਲ ਹੋ ਗਿਆ ਪਰ ਉਸ ਦਾ ਘੋੜਾ ਪਹਿਲੇ ਹੱਲੇ ਵਿੱਚ ਹੀ ਜ਼ਖ਼ਮੀ ਹੋ ਗਿਆ ਅਤੇ ਉਹ ਸਿਰ-ਪਰਨੇ ਧਰਤੀ ਉੱਤੇ ਜਾ ਡਿੱਗਿਆ। ਅੰਗ ਰੱਖਿਅਕਾਂ ਨੇ ਫੁਰਤੀ ਨਾਲ ਕੋਲ ਪਹੁੰਚ ਕੇ ਸਿਕੰਦਰ ਨੂੰ ਬਚਾ ਲਿਆ ਸੀ।” ਪੋਰਸ ਦੇ ਪੁੱਤਰ ਦੀ ਬਾਜ਼ ਜਿਹੀ ਝਪਟ ਦੇਖ ਕੇ ਸਿਕੰਦਰ ਸੋਚਾਂ ਵਿੱਚ ਪੈ ਗਿਆ ਸੀ ਕਿ ਜਦੋਂ ਖ਼ੁਦ ਪੋਰਸ ਲੜਾਈ ਵਿੱਚ ਉਤਰੇਗਾ ਤਾਂ ਕੀ ਹਾਲ ਹੋਵੇਗਾ?

ਉਧਰ ਜਦੋਂ ਪੋਰਸ ਨੂੰ ਸੁਨੇਹਾ ਮਿਲਿਆ ਤਾਂ ਉਹ ਹੈਰਾਨ ਪਰੇਸ਼ਾਨ ਹੋ ਗਿਆ। ਉਹ ਤਾਂ ਸਮਝਦਾ ਸੀ ਕਿ ਸਿਕੰਦਰ ਉਸ ਦੇ ਸਾਹਮਣੇ ਹੈ। ਫਿਰ ਵੀ ਉਹ ਪੂਰੀ ਤੇਜ਼ੀ ਨਾਲ ਆਪਣੇ ਪੁੱਤਰ ਨਾਲ ਰਲਣ ਲਈ ਉਧਰ ਨੂੰ ਰਵਾਨਾ ਹੋ ਗਿਆ। ਸੰਘਰ ਅਤੇ ਸਿਕੰਦਰ ਵਿਚਕਾਰ ਐਸਾ ਘਮਸਾਨ ਯੁੱਧ ਹੋਇਆ ਕਿ ਦੋਵੇਂ ਧਿਰਾਂ ਨੂੰ ਹੀ ਆਪਣੀਆਂ-ਆਪਣੀਆਂ ਮੁੱਖ ਫ਼ੌਜਾਂ ਉਡੀਕਣ ਦੀ ਵਿਹਲ ਨਹੀਂ ਮਿਲੀ। ਪੋਰਸ ਦੇ ਪਹੁੰਚਣ ਤੱਕ ਉਸ ਦਾ ਪੁੱਤਰ ਲੜਦਾ ਹੋਇਆ ਮਾਰਿਆ ਗਿਆ ਸੀ। ਪੋਰਸ ਨੇ ਆਉਂਦਿਆਂ ਹੀ ਸਿਕੰਦਰ ਉਪਰ ਹਮਲਾ ਕਰ ਦਿੱਤਾ। ਬੜੀ ਘਮਸਾਨ ਦੀ ਲੜਾਈ ਹੋਣ ਲੱਗੀ। ਮਸਤ ਹਾਥੀਆਂ ਨੇ ਭਿਅੰਕਰ ਆਵਾਜ਼ਾਂ ਕੱਢ-ਕੱਢ ਕੇ ਯੂਨਾਨੀ ਘੋੜਿਆਂ ਅਤੇ ਸਿਪਾਹੀਆਂ ਨੂੰ ਆਪਣੇ ਸੁੰਡਾਂ ਨਾਲ ਉਲਟਾ ਦਿੱਤਾ ਸੀ। ਯੂਨਾਨੀ ਇਤਿਹਾਸਕਾਰ ਕਰਟੀਅਸ ਲਿਖਦਾ ਹੈ, “ਰੱਥਵਾਨਾਂ ਨੇ ਆਪਣੇ ਰੱਥ ਪੂਰੀ ਰਫ਼ਤਾਰ ਨਾਲ ਲੜਾਈ ਵਿੱਚ ਝੋਂਕ ਦਿੱਤੇ। ਉਨ੍ਹਾਂ ਦਾ ਖਿਆਲ ਸੀ ਕਿ ਇਸ ਤਰ੍ਹਾਂ ਉਹ ਵਧੀਆ ਢੰਗ ਨਾਲ ਆਪਣੇ ਸਾਥੀਆਂ ਦੀ ਮਦਦ ਕਰ ਸਕਣਗੇ। ਇਸ ਨਾਲ ਸਭ ਪਾਸੇ ਲੜਾਈ ਗਰਮ ਹੋ ਗਈ। ਇਹ ਕਹਿਣਾ ਮੁਸ਼ਕਲ ਹੈ ਕਿ ਇਸ ਮੁੱਠਭੇੜ ਵਿੱਚ ਬਹੁਤਾ ਨੁਕਸਾਨ ਕਿਹੜੀ ਧਿਰ ਦਾ ਹੋਇਆ। ਜੇ ਇੱਕ ਪਾਸੇ ਮਕਦੂਨੀਆਂ ਦੇ ਪਿਆਦੇ, ਜਿਨ੍ਹਾਂ ਨੂੰ ਹਮਲੇ ਦੀ ਪਹਿਲੀ ਚੋਟ ਸਹਿਣੀ ਪਈ ਸੀ, ਹਾਥੀਆਂ ਦੇ ਪੈਰਾਂ ਹੇਠ ਲਿਤਾੜੇ ਗਏ ਸਨ ਤਾਂ ਦੂਜੇ-ਪਾਸੇ ਉੱਚੀ-ਨੀਵੀਂ ਤੇ ਤਿਲਕਵੀਂ ਧਰਤੀ ‘ਤੇ ਦੌੜਦੇ ਰੱਥਾਂ ਦੇ ਝਟਕਿਆਂ ਨਾਲ ਰਥਵਾਨ ਉੱਛਲ ਕੇ ਹੇਠਾਂ ਜਾ ਡਿੱਗਦੇ ਸਨ। ਕੁਝ ਘੋੜੇ ਡਰ ਕੇ ਰੱਥਾਂ ਨੂੰ ਧੂਹ ਕੇ ਨਾ ਸਿਰਫ਼ ਜਿੱਲ੍ਹਣ ਤੇ ਖੋਭੇ ਵਿੱਚ ਹੀ ਲੈ ਗਏ ਸਨ ਸਗੋਂ ਸਿਰ-ਪਰਨੇ ਦਰਿਆ ਵਿੱਚ ਜਾ ਡਿੱਗੇ ਸਨ।”

Alexander_troops_beg_to_return_home_from_Indiaਇਹ ਬਿਆਨ ਸਿਕੰਦਰ ਦੀ ਆਪਣੀ ਧਿਰ ਦੇ ਇਤਿਹਾਸਕਾਰ ਦਾ ਹੈ। ਉਸ ਦਾ ਆਪਣਾ ਇਤਿਹਾਸਕਾਰ ਕਹਿ ਰਿਹਾ ਹੈ ਕਿ ਕਿਹਾ ਨਹੀਂ ਜਾ ਸਕਦਾ ਕਿ ਕਿਹੜੀ ਧਿਰ ਦਾ ਨੁਕਸਾਨ ਜ਼ਿਆਦਾ ਹੋਇਆ ਹੈ ਤੇ ਕਿਹੜੀ ਦਾ ਘੱਟ। ਇਸ ਗੱਲ ਤੋਂ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬੀ ਫ਼ੌਜ ਨੇ ਸਿਕੰਦਰ ਦੀ ਫ਼ੌਜ ਦਾ ਬੁਰਾ ਹਾਲ ਕਰ ਦਿੱਤਾ ਸੀ। ਪੋਰਸ ਆਪਣੀ ਫ਼ੌਜ ਦੀ ਤਰਤੀਬ ਕਰਕੇ ਉਸ ਥਾਂ ਆ ਗਿਆ ਜਿੱਥੇ ਧਰਤੀ ਪੱਧਰੀ ਸੀ। ਯੂਨਾਨੀ ਇਤਿਹਾਸਕਾਰ ਏਰੀਅਨ ਦੱਸਦਾ ਹੈ ਕਿ ਪੋਰਸ ਨਾਲ ਚਾਰ ਹਜ਼ਾਰ ਘੋੜ-ਸਵਾਰ, ਤਿੰਨ ਸੌ ਰੱਥ, 200 ਹਾਥੀ ਅਤੇ 30,000 ਪੈਦਲ ਸਿਪਾਹੀ ਸਨ। ਇਹ ਹਾਥੀ ਸਾਢੇ ਤੇਤੀ-ਤੇਤੀ ਗਜ਼ਾਂ ਦੀ ਦੂਰੀ’ ਤੇ ਖੜ੍ਹੇ ਕੀਤੇ ਗਏ ਸਨ। ਇਨ੍ਹਾਂ ਦੇ ਵਿਚਕਾਰ ਪੈਦਲ ਸਿਪਾਹੀ ਸਨ। ਇਸ ਤਰ੍ਹਾਂ ਪੋਰਸ ਦੀ ਫ਼ੌਜ ‘ਇੱਕ ਵਿਸ਼ਾਲ ਕਿਲ੍ਹੇ ਦੀ ਫਸੀਲ ਵਾਂਗ ਜਾਪਦੀ ਸੀ ਜਿਸ ਦੇ ਵਿਚਕਾਰ ਦੈਂਤਾ ਵਰਗੇ ਹਾਥੀ ਬੁਰਜਾਂ ਵਾਂਗ ਜਾਪਦੇ ਸਨ ਅਤੇ ਦੋਵੇਂ ਪਾਸੇ ਖੜ੍ਹੇ ਘੋੜ-ਸਵਾਰ ਅਤੇ ਰੱਥ ਮੁਨਾਰਿਆਂ ਵਾਂਗ ਜਾਪਦੇ ਸਨ।”

ਇੱਕ ਹੋਰ ਯੂਨਾਨੀ ਇਤਿਹਾਸਕਾਰ ਕਰਟੀਅਸ ਮੁਤਾਬਕ ਪੋਰਸ ਦੀ ਫ਼ੌਜ ਦੀ ਇਹ ਦਿੱਖ ਦੇਖ ਕੇ ਇੱਕ ਵਾਰ ਤਾਂ ਮਕਦੂਨੀਆਂ ਵਾਲੇ ਠਠੰਬਰ ਗਏ ਸਨ। “ਨਾ ਸਿਰਫ਼ ਦੈਂਤਾਂ ਵਰਗੇ ਹਾਥੀਆਂ ਦੇ ਨਜ਼ਾਰੇ ਨੇ ਸਗੋਂ ਪੋਰਸ ਦੀ ਆਪਣੀ ਦਿੱਖ ਨੇ ਮਕਦੂਨੀਆਂ ਵਾਲਿਆਂ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਉਹ ਕੁਝ ਚਿਰ ਲਈ ਰੁਕਣ ਵਾਸਤੇ ਮਜਬੂਰ ਹੋ ਗਏ ਸਨ। ਫ਼ੌਜ ਦੀਆਂ ਕਤਾਰਾਂ ਵਿਚਕਾਰ ਥੋੜ੍ਹੇ-ਥੋੜ੍ਹੇ ਫਾਸਲੇ ‘ਤੇ ਖੜ੍ਹੇ ਕੀਤੇ ਹਾਥੀ ਦੂਰੋਂ ਬੁਰਜਾਂ ਵਾਂਗ ਜਾਪਦੇ ਸਨ। ਪੋਰਸ ਦਾ ਆਪਣਾ ਕੱਦ ਮਨੁੱਖਾਂ ਦੇ ਮਿਆਰੀ ਕੱਦ ਨਾਲੋਂ ਬਹੁਤ ਉੱਚਾ ਸੀ। ਅੱਗੋਂ ਉਹ ਅਜਿਹੇ ਹਾਥੀ ਉੱਪਰ ਸਵਾਰ ਸੀ ਜਿਹੜਾ ਬਾਕੀ ਹਾਥੀਆਂ ਨਾਲੋਂ ਉੱਚਾ ਸੀ। ਇਸ ਲਈ ਪੋਰਸ ਹੋਰ ਸਭ ਸਿਪਾਹੀਆਂ ਨਾਲੋਂ ਆਸਾਧਾਰਨ ਤੌਰ ‘ਤੇ ਬਹੁਤ ਉਚਾ ਦਿਸਦਾ ਸੀ। ਸਿਕੰਦਰ ਨੇ ਪੋਰਸ ਦੀ ਫ਼ੌਜ ‘ਤੇ ਧਿਆਨ ਨਾਲ ਨਜ਼ਰ ਮਾਰਨ ਤੋਂ ਬਾਅਦ ਆਪਣੇ ਕੋਲ ਖੜੇ ਜਰਨੈਲਾਂ ਨੂੰ ਬਿਨਾਂ ਝਿਜਕ ਕਿਹਾ ਸੀ, “ਅੱਜ ਮੈਂ ਇੱਕ ਅਜਿਹਾ ਖ਼ਤਰਾ ਦੇਖ ਰਿਹਾ ਹਾਂ ਜਿਹੜਾ ਮੇਰੇ ਹੌਂਸਲੇ ਨੂੰ ਪਰਖੇਗਾ। ਅੱਜ ਦੈਤਾਂ ਵਰਗੇ ਹਾਥੀਆਂ ਅਤੇ ਮਨੁੱਖਾਂ ਨਾਲ ਇੱਕੋ ਸਮੇਂ ਹੀ ਲੜਨਾ ਹੋਵੇਗਾ।”

ਯੂਨਾਨੀ ਇਤਿਹਾਸਕਾਰ ਜਸਟਿਨ ਲਿਖਦਾ ਹੈ ਕਿ ਪੋਰਸ ਨੇ ਸਿਕੰਦਰ ਨੂੰ ਸਾਹਮਣੇ ਖੜ੍ਹਾ ਦੇਖ ਕੇ ਲਲਕਾਰਿਆ ਕਿ ਲੜਾਈ ਜਿੱਤਣ ਲਈ ਫ਼ੌਜੀਆਂ ਨੂੰ ਮਰਵਾਉਣ ਦਾ ਕੀ ਫ਼ਾਇਦਾ ਹੈ? ਤੂੰ ਸਾਹਮਣੇ ਆ, ਆਪਾਂ ਦੋਵੇਂ ਲੜਦੇ ਹਾਂ, ਜਿਹੜਾ ਜਿੱਤ ਗਿਆ ਜਿੱਤ ਉਸੇ ਦੀ ਹੋਵੇਗੀ। ਪਰ ਸਿਕੰਦਰ ਨੇ ਉਸ ਦੀ ਕਿਸੇ ਲਲਕਾਰ ਦਾ ਜਵਾਬ ਨਹੀਂ ਦਿੱਤਾ ਅਤੇ ਹਮਲਾ ਕਰਨ ਦਾ ਹੁਕਮ ਦੇ ਦਿੱਤਾ। ਲੜਾਈ ਦੀ ਯੂਨਾਨੀ (ਮਕਦੂਨੀ) ਅਤੇ ਪੰਜਾਬੀ ਤਕਨੀਕ ਵਿੱਚ ਬਹੁਤ ਫ਼ਰਕ ਸੀ। ਸਿਕੰਦਰ ਦੂਰ ਵਾਲੀ ਥਾਂ ‘ਤੇ ਘੋੜ-ਸਵਾਰ ਹੋਇਆ ਇੱਕ ਸੁਰੱਖਿਅਤ ਘੇਰੇ ਵਿੱਚ ਖੜ੍ਹਾ ਸੀ ਜਦੋਂਕਿ ਪੋਰਸ ਆਪਣੀ ਫ਼ੌਜ ਦੇ ਬਿਲਕੁਲ ਮੂਹਰੇ ਹੋ ਕੇ ਲੜ ਅਤੇ ਲੜਾ ਰਿਹਾ ਸੀ। ਬਾਕੀ ਸਾਰੇ ਹਾਥੀ ਪੋਰਸ ਦੇ ਹਾਥੀ ਨੂੰ ਆਪਣੇ ਸਾਹਮਣੇ ਦੇਖ ਕੇ ਅੱਗੇ ਵਧ ਰਹੇ ਸਨ। ਪੋਰਸ ਹੌਦੇ ਵਿੱਚ ਖੜ੍ਹਾ ਨੇਜ਼ੇ ਐਸੀ ਤਾਕਤ ਅਤੇ ਤੇਜ਼ੀ ਨਾਲ ਸੁੱਟ ਰਿਹਾ ਸੀ ਕਿ ਉਹ ਜਿਹੜੇ ਵੀ ਘੋੜੇ ਜਾਂ ਸਿਪਾਹੀ ਨੂੰ ਵੱਜਦਾ ਸੀ ਉਹ ਉਲਟ ਜਾਂਦਾ ਸੀ। ਪੋਰਸ ਨੂੰ ਉਸ ਦੀ ਸਾਰੀ ਫ਼ੌਜ ਦੇਖ ਰਹੀ ਸੀ। ਉਹ ਸਿਕੰਦਰ ਕੋਲ ਪਹੁੰਚ ਕੇ ਉਸ ਉੱਪਰ ਨੇਜਾ ਸੁੱਟਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸਿਕੰਦਰ ਉਸ ਦੇ ਨੇਜੇ ਦੀ ਮਾਰ ਤੋਂ ਦੂਰ ਰਹਿ ਰਿਹਾ ਸੀ।

ਪ੍ਰੋ. ਬੁੱਧ ਪ੍ਰਕਾਸ਼ ਵੱਲੋਂ ਯੂਨਾਨੀ ਇਤਿਹਾਸਕਾਰਾਂ ਜਸਟਿਨ ਅਤੇ ਕਰਟੀਅਸ ਦੀ ਜਾਣਕਾਰੀ ਦੇ ਆਧਾਰ ‘ਤੇ ਪੇਸ਼ ਕੀਤੇ ਗਏ ਦ੍ਰਿਸ਼ ਮੁਤਾਬਕ ਸਭ ਤੋਂ ਪਹਿਲਾਂ ਇੱਕ ਹਜ਼ਾਰ ਘੋੜ-ਸਵਾਰ ਤੀਰ ਅੰਦਾਜ਼ਾਂ ਦੇ ਦਸਤੇ ਨੇ ਪੋਰਸ ਦੀ ਖੱਬੀ ਬਾਹੀ ਉਪਰ, ਜਿਹੜੀ ਦਰਿਆ ਦੇ ਕੰਢੇ ਨੇੜੇ ਸੀ, ਇੱਕ ਡਾਹਢਾ ਮਾਰੂ ਹਮਲਾ ਕੀਤਾ। ਸਿਕੰਦਰ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਪੋਰਸ ਦੀ ਫ਼ੌਜ ਦੀ ਖੱਬੀ ਬਾਹੀ ਵਿਰੁੱਧ ਬੜੀ ਫੁਰਤੀ ਨਾਲ ਅੱਗੇ ਵੱਲ ਕੂਚ ਕੀਤਾ। ਉਸ ਸਮੇਂ ਤੱਕ ਉਹ ਫ਼ੌਜੀ ਕਤਾਰਾਂ ਵਿੱਚ ਹੀ ਸਨ ਤੇ ਉਨ੍ਹਾਂ ਨੂੰ ਤਰਤੀਬ ਵਿੱਚ ਖੜ੍ਹਾ ਨਹੀਂ ਕੀਤਾ ਗਿਆ ਸੀ। ਸਿਕੰਦਰ ਦੇ ਜਰਨੈਲ ਕੋਇਨੌਸ ਨੇ ਵੀ ਪੂਰੇ ਜ਼ੋਰ ਨਾਲ ਆਪਣੇ ਘੋੜ-ਸਵਾਰਾਂ ਨੂੰ ਖੱਬੇ ਪਾਸੇ ਵੱਲ ਝੋਂਕ ਦਿੱਤਾ। ਇਨ੍ਹਾਂ ਘੋੜ-ਸਵਾਰਾਂ ਦੇ ਜ਼ੋਰਦਾਰ ਹਮਲੇ ਸਾਹਮਣੇ ਪੋਰਸ ਦੇ ਰੱਥ ਹਿੱਲ ਗਏ। ਉਹ ਇੰਨੇ ਭਾਰੇ ਸਨ ਕਿ ਚਿੱਕੜ ਤੇ ਖੋਭੇ ਵਾਲੀ ਧਰਤੀ ਵਿੱਚ ਚੱਲਣੋਂ ਰਹਿ ਗਏ। ਇਸ ਲਈ ਪੋਰਸ ਦੇ ਘੋੜ-ਸਵਾਰ ਵੀ ਸੱਜੇ-ਖੱਬੇ ਪਾਸਿਉਂ ਆ ਇਕੱਠੇ ਹੋਏ ਤਾਂ ਜੋ ਆਪਣੇ ਰੱਥਾਂ ਨੂੰ ਦੁਸ਼ਮਣ ਦੇ ਹਮਲੇ ਤੋਂ ਬਚਾਅ ਸਕਣ। ਉਸੇ ਵੇਲੇ ਕੋਇਨੌਸ ਆਪਣੀ ਵਿਉਂਤ ਅਨੁਸਾਰ ਸੱਜੇ ਪਾਸੇ ਮੁੜ ਗਿਆ। ਉਸ ਨੇ ਪੰਜਾਬੀ ਘੋੜ-ਸਵਾਰਾਂ ਉੱਪਰ ਪਿੱਛੋਂ ਦੀ ਹੋ ਕੇ ਹਮਲਾ ਕਰ ਦਿੱਤਾ। ਦੋਵਾਂ ਹਮਲਿਆਂ ਦੇ ਵਿਚਕਾਰ ਕਾਬੂ ਆ ਜਾਣ ਉੱਤੇ ਪੰਜਾਬੀ ਘੋੜ-ਸਵਾਰਾਂ ਨੇ ਬੜੀ ਤੇਜ਼ੀ ਨਾਲ ਆਪਣੇ-ਆਪ ਨੂੰ ਦੋ ਭਾਗਾਂ ਵਿੱਚ ਵੰਡ ਲਿਆ। ਇੱਕ ਨੇ ਸਾਹਮਣੇ ਅਤੇ ਦੂਜੇ ਨੇ ਪਿਛਲੇ ਪਾਸੇ ਦਾ ਹਮਲਾ ਰੋਕਣ ਦਾ ਯਤਨ ਕੀਤਾ। ਅਜੇ ਇਹ ਘੋੜ-ਸਵਾਰ ਆਪਣੀਆਂ ਕਤਾਰਾਂ ਤੇ ਥਾਵਾਂ ਬਦਲਣ ਹੀ ਲੱਗੇ ਸਨ ਕਿ ਸਿਕੰਦਰ ਨੇ ਖ਼ੁਦ ਅੱਗੋਂ ਤੇ ਕੋਇਨੌਸ ਨੇ ਪਿੱਛੋਂ ਦੀ ਜ਼ੋਰ ਪਾ ਕੇ ਉਨ੍ਹਾਂ ਦੇ ਹੋਸ਼-ਹਵਾਸ਼ ਗੁੰਮ ਕਰ ਦਿੱਤੇ।

ਇਸ ਨਾਲ ਉਨ੍ਹਾਂ ਨੂੰ ਆਪਣੇ-ਆਪ ਦੀ ਪੈ ਗਈ ਅਤੇ ਉਨ੍ਹਾਂ ਨੇ ਆਪਣੇ ਪਿਆਦਿਆਂ ਦੇ ਅੱਗੋਂ ਦੀ ਭੱਜ ਕੇ ਦੋ-ਦੋ ਹਾਥੀਆਂ ਵਿਚਕਾਰ ਛੱਡੇ ਹੋਏ ਖੱਪਿਆਂ ਵਿੱਚ ਪਨਾਹ ਲੈ ਲਈ। ਫਿਰ ਜਿੰਨੀ ਛੇਤੀ ਹੋ ਸਕਿਆ, ਉਹ ਆਪਣੀਆਂ ਪਲਟਣਾਂ ਦੀਆਂ ਵਿੱਥਾਂ ਵਿੱਚੋਂ ਲੰਘ ਕੇ ਕੁਝ ਸਮੇਂ ਲਈ ਲੜਾਈ ਤੋਂ ਬਾਹਰ ਹੋ ਗਏ।

ਯੂਨਾਨੀ ਘੋੜ-ਸਵਾਰਾਂ ਦੇ ਮਾਰੂ ਹਮਲੇ ਅਤੇ ਆਪਣੇ ਘੋੜ-ਸਵਾਰਾਂ ਦਾ ਹਾਲ ਦੇਖ ਕੇ ਪੋਰਸ ਨੇ ਆਪਣੇ ਹਾਥੀਆਂ ਨਾਲ ਉਨ੍ਹਾਂ ਉਪਰ ਬਹੁਤ ਜ਼ੋਰਦਾਰ ਹਮਲਾ ਕੀਤਾ। ਇਸ ਹਮਲੇ ਨੇ ਯੂਨਾਨੀ ਘੋੜ-ਸਵਾਰਾਂ ਨੂੰ ਐਸੀ ਮਾਰ ਮਾਰੀ ਕਿ ਉਨ੍ਹਾਂ ਦੇ ਹਮਲੇ ਦੇ ਅਸਰ ਨੂੰ ਬਿਲਕੁਲ ਬੇਕਾਰ ਕਰ ਦਿੱਤਾ। ਉਹ ਘੋੜਿਆਂ ਨੂੰ ਆਪਣੀਆਂ ਸੁੰਡਾਂ ਨਾਲ ਉਲਟਾ ਕੇ ਧਰਤੀ ‘ਤੇ ਸੁੱਟ ਦਿੰਦੇ ਅਤੇ ਸਿਪਾਹੀਆਂ ਨੂੰ ਪੈਰਾਂ ਹੇਠਾਂ ਮਿੱਧ ਦਿੰਦੇ ਸਨ। ਇਸ ਤਰ੍ਹਾਂ ਜਦੋਂ ਮਹਾਵਤਾਂ ਨੇ ਆਪਣੇ ਹਾਥੀਆਂ ਨੂੰ ਬੁਰੀ ਤਰ੍ਹਾਂ ਭੜਕਾ ਕੇ ਯੂਨਾਨੀ ਫ਼ੌਜ ਉਪਰ ਚਾੜ੍ਹ ਦਿੱਤਾ ਤਾਂ ਉਨ੍ਹਾਂ ਦੀ ਓਟ ਵਿੱਚ ਪੰਜਾਬੀ ਪੈਦਲ ਸਿਪਾਹੀਆਂ ਨੇ ਹੱਲਾ ਬੋਲ ਦਿੱਤਾ। ਯੂਨਾਨੀ ਘੋੜ-ਸਵਾਰਾਂ ਦਾ ਬੁਰਾ ਹਾਲ ਤੱਕ ਕੇ ਸਿਕੰਦਰ ਨੇ ਆਪਣੇ ਫੈਲੈਂਕਸ ਦਸਤਿਆਂ ਨੂੰ ਅੱਗੇ ਵਧਾਇਆ ਪਰ ਇਹ ਫੈਲੈਂਕਸ ਦਸਤੇ ਵੀ ਹਾਥੀਆਂ ਦੇ ਹਮਲੇ ਨੂੰ ਪਛਾੜ ਨਹੀਂ ਸਕੇ। ਪੋਰਸ ਦੇ ਹਾਥੀ ਯੂਨਾਨੀ ਸੈਨਾ ਨੂੰ ਪੈਰਾਂ ਹੇਠ ਲਿਤਾੜਦੇ ਅਤੇ ਮਾਰਦੇ ਹੋਏ ਅੱਗੇ ਵਧਦੇ ਗਏ। ਇਸ ਨਾਲ ਪੂਰੀ ਯੂਨਾਨੀ ਫ਼ੌਜ ਵਿੱਚ ਭਗਦੜ ਮਚ ਗਈ। ਏਰੀਅਨ ਲਿਖਦਾ ਹੈ: “ਇਹ ਲੜਾਈ ਉਨ੍ਹਾਂ ਸਾਰੀਆਂ ਲੜਾਈਆਂ ਤੋਂ ਬਿਲਕੁਲ ਵੱਖਰੀ ਸੀ ਜਿਹੜੀਆਂ ਯੂਨਾਨੀ ਫ਼ੌਜ ਨੂੰ ਹੁਣ ਤੱਕ ਕਰਨੀਆਂ ਪਈਆਂ ਸਨ। ਇਹ ਭਾਰੇ ਭਾਰੇ ਹਾਥੀ, ਪਿਆਦਾ ਪਲਟਣਾਂ ਉੱਤੇ ਹਮਲੇ ਕਰਦੇ ਜਿੱਧਰ ਜਾਂਦੇ ਸਨ, ਮਕਦੂਨੀਆਂ ਅਤੇ ਫੈਲੈਂਕਸ ਨੂੰ ਮਿੱਧਦੇ ਤੇ ਚਿੱਥਦੇ ਹੋਏ ਲੰਘ ਜਾਂਦੇ ਸਨ ਭਾਵੇਂ ਉਹ ਕਿੰਨੀਆਂ ਵੀ ਗੁੱਥਵੀਆਂ ਕਤਾਰਾਂ ਵਿੱਚ ਹੁੰਦੇ ਸਨ।”

ਯੂਨਾਨੀ ਇਤਿਹਾਸਕਾਰ ਕਰਟੀਅਸ ਨੇ ਇਸ ਲੜਾਈ ਦਾ ਦ੍ਰਿਸ਼ ਇਉਂ ਪੇਸ਼ ਕੀਤਾ ਹੈ: “ਇਨ੍ਹਾਂ ਹਾਥੀਆਂ ਨੇ ਸਭ ਪਾਸੇ ਭੈਅ ਦਾ ਵਾਤਾਵਰਣ ਪੈਦਾ ਕਰ ਦਿੱਤਾ ਸੀ। ਉਨ੍ਹਾਂ ਦੀਆਂ ਅਜੀਬ ਅਤੇ ਕੁਰੱਖ਼ਤ ਦਹਾੜਾਂ ਨੇ ਸਿਰਫ਼ ਘੋੜਿਆਂ ਨੂੰ ਹੀ ਨਹੀਂ ਡਰਾਇਆ ਸਗੋਂ ਸਿਪਾਹੀਆਂ ਅਤੇ ਜਰਨੈਲਾਂ ਨੂੰ ਵੀ ਭੈਅ-ਭੀਤ ਕਰ ਦਿੱਤਾ ਸੀ। ਨਤੀਜੇ ਵਜੋਂ, ਜਿਹੜੇ ਯੂਨਾਨੀ ਜੇਤੂ ਹੁੰਦੇ ਦਿਸ ਰਹੇ ਸਨ, ਉਹ ਇਨ੍ਹਾਂ ਹਾਥੀਆਂ ਦੀ ਮਾਰ ਤੋਂ ਡਰਦੇ ਲੁਕਣ ਲਈ ਥਾਵਾਂ ਲੱਭ ਰਹੇ ਸਨ। ਇਹ ਦੇਖ ਕੇ ਸਿਕੰਦਰ ਨੇ ਹਲਕੇ ਹਥਿਆਰਾਂ ਵਾਲੇ ਐਗਰੀਐਨੀਅਨਾਂ ਤੇ ਥਰੇਸ਼ੀਅਨਾਂ ਨੂੰ ਅੱਗੇ ਲਿਆਂਦਾ ਜਿਹੜੇ ਹੱਥੋ-ਹੱਥ ਦੀ ਲੜਾਈ ਵਿੱਚ ਬਹੁਤ ਮਾਹਰ ਸਨ। ਇਨ੍ਹਾਂ ਨੇ ਪੂਰੇ ਜ਼ੋਰ ਨਾਲ ਹਾਥੀਆਂ ਉੱਪਰ ਤੀਰਾਂ ਦੀ ਬੁਛਾੜ ਕਰ ਦਿੱਤੀ। ਇਸ ਨਾਲ ਹਾਥੀਆਂ ਦੇ ਹਮਲੇ ਵਿੱਚ ਕੁਝ ਖੜੋਤ ਆ ਗਈ। ਤੁਰੰਤ ਹੀ ਪਿਆਦੇ ਫੈਲੈਂਕਸ ਵੀ ਅੱਗੇ ਵਧ ਗਏ ਸਨ। ਇਨ੍ਹਾਂ ਨੇ ਹਾਥੀਆਂ ਨੂੰ ਜ਼ਖ਼ਮੀ ਕਰ ਕੇ ਇਤਨਾ ਖਿਝਾ ਦਿੱਤਾ ਕਿ ਉਹ ਗੁੱਸੇ ਅਤੇ ਰੋਹ ਵਿੱਚ ਅੰਨ੍ਹੇ ਹੋਏ, ਬਿਨਾਂ ਕਿਸੇ ਤੀਰ ਅਤੇ ਜ਼ਖ਼ਮ ਦੀ ਪਰਵਾਹ ਕਰਦਿਆਂ ਉਨ੍ਹਾਂ ਉੱਪਰ ਜਾ ਚੜ੍ਹੇ। ਇਸ ਮਾਰ ਨੂੰ ਦੇਖ ਕੇ ਯੂਨਾਨੀਆਂ ਨੂੰ ਕੰਨ ਹੋ ਗਏ ਕਿ ਹਾਥੀਆਂ ਨੂੰ ਜ਼ਖ਼ਮੀ ਕਰਨਾ ਬਹੁਤ ਖ਼ਤਰੇ ਵਾਲੀ ਗੱਲ ਹੁੰਦੀ ਹੈ। ਇਸ ਸਮੇਂ ਸਭ ਤੋਂ ਵੱਧ ਡਰਾਉਣੀ ਝਾਕੀ ਉਹ ਹੁੰਦੀ ਸੀ ਜਦੋਂ ਹਾਥੀ, ਸਿਪਾਹੀ ਨੂੰ ਆਪਣੀ ਸੁੰਡ ਨਾਲ ਚੁੱਕ ਕੇ ਧਰਤੀ ‘ਤੇ ਪਟਕਾ ਕੇ ਮਾਰਦਾ ਸੀ। ਘੋੜਿਆਂ ਨੂੰ ਉਹ ਆਪਣੇ ਲੰਮੇ ਦੰਦਾਂ ਦੇ ਹੁੱਡਾਂ ਨਾਲ ਉਲਟਾ ਸੁੱਟਦੇ ਸਨ। ਡਿੱਗੇ ਪਏ ਸਿਪਾਹੀਆਂ ਨੂੰ ਹਾਥੀ ਬੜੇ ਗੁੱਸੇ ਨਾਲ ਪੈਰਾਂ ਹੇਠ ਮਿੱਧ ਦਿੰਦੇ ਸਨ। ਇਸ ਲਈ ਸਵੇਰ ਤੋਂ ਸ਼ੁਰੂ ਹੋਈ ਲੜਾਈ ਲੌਢੇ ਪਹਿਰ ਤੱਕ ਇਸੇ ਤਰ੍ਹਾਂ ਚੱਲ ਰਹੀ ਸੀ ਅਤੇ ਨਿਸ਼ਚੇ ਨਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਸੀ ਕਿ ਜਿੱਤ ਕਿਸ ਦੀ ਹੋਵੇਗੀ। ਮਕਦੂਨੀਆਂ ਵਾਲੇ ਕਦੇ ਹਾਥੀਆਂ ਪਿੱਛੇ ਭੱਜਦੇ ਤੇ ਕਦੇ ਉਨ੍ਹਾਂ ਤੋਂ ਡਰਦੇ ਪਰ੍ਹੇ ਨੂੰ ਭੱਜਦੇ। ਲੌਢੇ ਪਹਿਰ ਤੀਕ ਇਹ ਲੜਾਈ ਇਸੇ ਤਰ੍ਹਾਂ ਚੱਲ ਰਹੀ ਸੀ।”

ਲੜਾਈ ਦਾ ਇਹ ਸਾਰਾ ਬਿਰਤਾਂਤ ਯੂਨਾਨੀ ਇਤਿਹਾਸਕਾਰਾਂ ਦੀਆਂ ਲਿਖਤਾਂ ਮੁਤਾਬਕ ਹੈ। ਇਸ ਬਿਰਤਾਂਤ ਵਿੱਚ ਪੋਰਸ ਦਾ ਹੀ ਪਲੜਾ ਭਾਰੀ ਰਹਿੰਦਾ ਹੈ। ਇਸ ਬਿਰਤਾਂਤ ਵਿੱਚ ਜ਼ਿਆਦਾ ਵੇਰਵਾ ਪੋਰਸ ਦਾ ਹੀ ਹੈ। ਸਿਕੰਦਰ ਦਾ ਵੇਰਵਾ ਇਸ ਤੋਂ ਘੱਟ ਹੈ। ਜੇ ਸਿੰਕਦਰ ਦੇ ਆਪਣੇ ਇਤਿਹਾਸਕਾਰ ਹੀ ਇਸ ਤਰ੍ਹਾਂ ਦਾ ਵੇਰਵਾ ਦੇ ਰਹੇ ਹਨ ਤਾਂ ਸਮਝਣਾ ਚਾਹੀਦਾ ਹੈ ਕਿ ਅਸਲ ਗੱਲ ਇਸ ਤੋਂ ਵੀ ਜ਼ਿਆਦਾ ਹੋਣੀ ਹੈ। ਦੁਸ਼ਮਣ ਕਦੇ ਵੀ ਆਪਣੇ ਵਿਰੋਧੀ ਦੀ ਬਹਾਦਰੀ ਦਾ ਵੇਰਵਾ ਛੇਤੀ ਕੀਤਿਆਂ ਵਧਾ ਕੇ ਨਹੀਂ ਦਿੰਦਾ। ਇਹ ਵੇਰਵਾ ਉਹ ਤਾਂ ਹੀ ਦੇਵੇਗਾ ਜੇ ਦੁਸ਼ਮਣ ਦੀ ਬਹਾਦਰੀ ਹੱਦੋਂ ਵੱਧ ਹੋਵੇਗੀ। ਜੇ ਇਹ ਵੇਰਵੇ ਕਿਸੇ ਪੰਜਾਬੀ ਜਾਂ ਹਿੰਦੁਸਤਾਨੀ ਦੇ ਦਿੱਤੇ ਹੁੰਦੇ ਤਾਂ ਵੀ ਸਮਝਿਆ ਜਾ ਸਕਦਾ ਸੀ ਕਿ ਇਨ੍ਹਾਂ ਵਿੱਚ ਕੁਝ ਪੱਖਪਾਤ ਹੋਵੇਗਾ। ਪਰ ਪੰਜਾਬੀ ਅਤੇ ਹਿੰਦੁਸਤਾਨੀ ਵੇਰਵੇ ਤਾਂ ਹਨ ਹੀ ਨਹੀਂ। ਇੱਕ ਇਰਾਨੀ ਬਿਰਤਾਂਤ ਫਿਰਦੌਸੀ ਦਾ ਹੈ। ਉਸ ਵਿੱਚ ਵੀ ਪੋਰਸ ਦੀ ਬਹਾਦਰੀ ਹੀ ਸਾਹਮਣੇ ਆਉਂਦੀ ਹੈ। ਇਹ ਸਭ ਕੁਝ ਹੋਣ ਦੇ ਬਾਵਜੂਦ ਯੂਨਾਨੀ ਇਤਿਹਾਸਕਾਰਾਂ ਨੇ ਅਖੀਰ ਵਿੱਚ ਇਕਦਮ ਸਿਕੰਦਰ ਨੂੰ ਜਿੱਤਿਆ ਅਤੇ ਪੋਰਸ ਨੂੰ ਹਾਰਿਆ ਹੋਇਆ ਦਿਖਾ ਦਿੱਤਾ।

ਪ੍ਰੋ. ਬੁੱਧ ਪਰਕਾਸ਼ ਨੇ ਸਪਸ਼ਟ ਰੂਪ ਵਿੱਚ ਲਿਖਿਆ ਹੈ ਕਿ ਸਿਕੰਦਰ ਦੇ ਇਤਿਹਾਸਕਾਰਾਂ ਨੇ ਸਿਕੰਦਰ ਦੇ ਨੁਕਸਾਨ ਅਤੇ ਕਮਜ਼ੋਰੀਆਂ ਬਾਰੇ ਜਾਣ-ਬੁੱਝ ਕੇ ਪਰਦਾ ਪਾਇਆ ਅਤੇ ਇਨ੍ਹਾਂ ਨੂੰ ਘਟਾ ਕੇ ਦੱਸਿਆ ਹੈ। ਇਹ ਉਨ੍ਹਾਂ ਦਾ ਫ਼ਰਜ਼ ਵੀ ਸੀ। ਪਰ ਅਸਲੀਅਤ ਤਾਂ ਅਸਲੀਅਤ ਹੀ ਰਹਿੰਦੀ ਹੈ ਜਿਹੜੀ ਆਪਣੇ ਆਪ ਸਾਹਮਣੇ ਆ ਜਾਂਦੀ ਹੈ। ਪ੍ਰੋ. ਬੁੱਧ ਪਰਕਾਸ਼ ਨੇ ਈਥੋਪੀਆਈ ਲਿਖਤਾਂ ਅਤੇ ਲੜਾਈ ਦੇ ਸਿੱਟਿਆਂ ਦੇ ਆਧਾਰ ‘ਤੇ ਇਹ ਨਤੀਜਾ ਕੱਢਿਆ ਹੈ ਕਿ ਸਿਕੰਦਰ ਨੇ ਜਦੋਂ ਦੇਖਿਆ ਕਿ ਉਹ ਪੋਰਸ ਤੋਂ ਜਿੱਤ ਨਹੀਂ ਸਕਦਾ ਅਤੇ ਜਦੋਂ ਦੋਵੇਂ ਬਾਦਸ਼ਾਹ ਧਰਤੀ ‘ਤੇ ਇੱਕ-ਦੂਜੇ ਦੇ ਸਾਹਮਣੇ ਆਪਣੇ-ਆਪਣੇ ਮਰੇ ਹੋਏ ਜਾਨਵਰਾਂ ਪਾਸ ਖੜ੍ਹੇ ਇੱਕ-ਦੂਜੇ ਨੂੰ ਦੇਖ ਰਹੇ ਸਨ ਤਾਂ ਸਿਕੰਦਰ ਨੇ ਪਹਿਲ ਕਰਦਿਆਂ ਕਿਹਾ, “ਪੋਰਸ ਮੈਂ ਤੇਰਾ ਦੋਸਤ ਹਾਂ। ਆ, ਆਪਾਂ ਰਲ ਕੇ ਇੱਕ ਨਵਾਂ ਇਤਿਹਾਸ ਸਿਰਜੀਏ।” ਇੱਥੋਂ ਹੀ ਲੜਾਈ ਦੇ ਸਿੱਟਿਆਂ ਦਾ ਪਤਾ ਲੱਗਦਾ ਹੈ।

ਪ੍ਰੋ. ਬੁੱਧ ਪਰਕਾਸ਼ ਨੇ ਇਸ ਲੜਾਈ ਵਿੱਚ ਪੰਜਾਬ ਦੀ ਜਿੱਤ ਹੋਈ ਲਿਖਿਆ ਹੈ। ਉਸ ਨੇ ਆਪਣੀ ਕਿਤਾਬ ਦਾ ਦਸਵਾਂ ਕਾਂਡ ਇਸੇ ਸਿਰਲੇਖ ‘ਪੰਜਾਬ ਦੀ ਜਿੱਤ’ ਹੇਠ ਦਿੱਤਾ ਹੈ। ਉਹ ਲਿਖਦਾ ਹੈ ਕਿ ਲੜਾਈ ਵਿੱਚ ਪੰਜਾਬ ਦੀ ਜਿੱਤ ਹੋਈ। ਜਿਹੜਾ ਪੋਰਸ ਲੜਾਈ ਤੋਂ ਪਹਿਲਾਂ ਪੰਜਾਬ ਦੇ ਸਿਰਫ਼ ਦੋ ਦੁਆਬਿਆਂ, ਚੱਜ ਅਤੇ ਰਚਨਾ ਦੁਆਬ ਦਾ ਹੀ ਮਾਲਕ ਸੀ ਉਹੀ ਪੋਰਸ ਲੜਾਈ ਤੋਂ ਬਾਅਦ ਸਾਰੇ ਪੰਜਾਬ ਅਰਥਾਤ ਪੰਜਾਬ ਦੇ ਪੰਜੇ ਦੁਆਬਿਆਂ ਦਾ ਮਾਲਕ ਬਣ ਗਿਆ। ਇਹ ਤੱਥ ਸਪੱਸ਼ਟ ਰੂਪ ਵਿੱਚ ਇਸ ਗੱਲ ਨੂੰ ਸਾਹਮਣੇ ਲਿਆਉਂਦਾ ਹੈ ਕਿ ਪੋਰਸ ਦੀ ਜਿੱਤ ਹੋਈ ਸੀ ਭਾਵੇਂ ਜੰਗ ਦੇ ਮੈਦਾਨ ਵਿੱਚ ਦੋਵਾਂ ਧਿਰਾਂ ਦੀ ਮਿੱਤਰਤਾ ਹੋ ਗਈ ਸੀ। ਅਤੇ ਇਸ ਜਿੱਤ ਦਾ ਸਿੱਟਾ ਪੋਰਸ ਦੀ ਤਾਕਤ ਅਤੇ ਬਾਦਸ਼ਾਹਤ ਦੇ ਵਾਧੇ ਵਿੱਚ ਨਿਕਲਿਆ ਸੀ। ਇਹ ਗੱਲ ਇਸ ਤੱਥ ਦੇ ਬਾਵਜੂਦ ਹੋਈ ਸੀ ਕਿ ਪੋਰਸ ਦੇ ਦੁਸ਼ਮਣ ਅੰਭੀ, ਚਾਣਕਯ ਅਤੇ ਚੰਦਰ ਗੁਪਤ, ਸਿਕੰਦਰ ਦੇ ਨਾਲ ਸਨ। ਜਦੋਂ ਸਿਕੰਦਰ ਅਤੇ ਪੋਰਸ ਨੇ ਦੋਸਤੀ ਪਾ ਕੇ ਲੜਾਈ ਬੰਦੀ ਦਾ ਐਲਾਨ ਕੀਤਾ ਤਾਂ ਇਹ ਤਿੰਨੇ ਸਿਕੰਦਰ ਦੀ ਫ਼ੌਜ ਵਿੱਚੋਂ ਖਿਸਕ ਗਏ ਸਨ। ਸਿਕੰਦਰ ਅਤੇ ਪੋਰਸ ਇਕੱਠੇ ਦੋਸਤੀ ਦੇ ਸ਼ਗਨ ਮਨਾਉਂਦੇ ਹੋਏ ਪੋਰਸ ਦੀ ਰਾਜਧਾਨੀ ਮਦਰਕੋਟ ਪਹੁੰਚ ਗਏ ਸਨ।

unnamed_1
– ਡਾ ਸੁਖਦਿਆਲ ਸਿੰਘ

Reviews

  • Total Score 0%
User rating: 0.00% ( 0
votes )



Leave a Reply

Your email address will not be published. Required fields are marked *

Write the Answer *