.
.

ਪੰਜਾਬ ਵੱਖਰਾ ਦੇਸ਼ ਸੀ, ਹਿੰਦੁਸਤਾਨ ਵੱਖਰਾ

ਚੀਨੀ ਵਿਦੇਸ਼ ਮੰਤਰੀ ਨੇ ਜਦੋਂ ਅਟੱਲ ਬਿਹਾਰੀ ਵਾਜਪਾਈ ਨੂੰ ਖ਼ਾਲਸਾ ਰਾਜ ਚੇਤੇ ਕਰਵਾਇਆ

Maharajah_Duleep_Singh_(1838-1893),_entering_his_palace_in_Lahore,_escorted_by_British_troops

ਜਦੋਂ ਨਕਸ਼ਾ ਵਿਛਾ ਕੇ ਹੱਦਾਂ ਬਾਬਤ ਵਿਚਾਰ-ਵਟਾਂਦਰਾ ਸ਼ੁਰੂ ਹੋਇਆ ਤਾਂ ਵਾਜਪਾਈ ਨੇ ਤਿੱਬਤ, ਲੇਹ ਅਤੇ ਲੱਦਾਖ ਦੇ ਇਲਾਕਿਆਂ ਉਪਰ ਉਂਗਲ ਫੇਰਦਿਆਂ ਕਿਹਾ, “ਇਹ ਇਲਾਕੇ ਸਾਡੇ ਸਨ, ਇਨ੍ਹਾਂ ਉਪਰ ਤੁਹਾਡਾ ਕਬਜ਼ਾ ਨਾਜਾਇਜ਼ ਹੈ।” ਚੀਨੀ ਵਿਦੇਸ਼ ਮੰਤਰੀ ਨੇ ਕਿਹਾ, “ਨਹੀਂ। ਇਹ ਇਲਾਕੇ ਮਹਾਰਾਜਾ ਰਣਜੀਤ ਸਿੰਘ ਨੇ ਜਿੱਤੇ ਸਨ, ਹਿੰਦੁਸਤਾਨ ਨੇ ਨਹੀਂ। ਉਦੋਂ ਸਰਕਾਰ ਖ਼ਾਲਸਾ ਸੀ ਤੇ ਪੰਜਾਬ ਵੱਖਰਾ ਦੇਸ਼ ਸੀ, ਹਿੰਦੁਸਤਾਨ ਵੱਖਰਾ। ਜਦੋਂ ਕਦੀ ਸਰਕਾਰ ਖ਼ਾਲਸਾ ਗੱਲਬਾਤ ਕਰੇਗੀ, ਅਸੀਂ ਸੁਣਾਂਗੇ, ਤੁਹਾਡੇ ਨਾਲ ਗੱਲ ਨਹੀਂ ਹੋ ਸਕਦੀ।”

ਸੰਨ 1977 ਵਿੱਚ ਜਨਤਾ ਪਾਰਟੀ ਦੀ ਕੇਂਦਰ ਵਿੱਚ ਸਰਕਾਰ ਬਣੀ, ਮੁਰਾਰਜੀ ਦੇਸਾਈ ਪ੍ਰਧਾਨ ਮੰਤਰੀ ਤੇ ਅਟਲ ਬਿਹਾਰੀ ਵਾਜਪਾਈ ਵਿਦੇਸ਼ ਮੰਤਰੀ ਸਨ। ਵਾਜਪਾਈ ਜੀ ਨੇ ਸਰਹੱਦਾਂ ਦਾ ਮਸਲਾ ਹੱਲ ਕਰਨ ਲਈ ਜਿਹੜਾ ਚੀਨ ਦਾ ਸਦਭਾਵਨਾ ਦੌਰਾ ਕੀਤਾ, ਪੱਤਰਕਾਰਾਂ ਦੇ ਵਫ਼ਦ ਵਿੱਚ ਰਾਜਮੋਹਨ ਗਾਂਧੀ ਸ਼ਾਮਲ ਸਨ। ਵਾਪਸ ਆ ਕੇ ਉਨ੍ਹਾਂ ਨੇ ਇੱਕ ਅਖ਼ਬਾਰ ਵਿੱਚ ਇਸ ਦੌਰੇ ਬਾਰੇ ਭਾਰਤੀਆਂ ਅਤੇ ਵਿਦੇਸ਼ੀਆਂ ਨੂੰ ਜਾਣੂੰ ਕਰਵਾਇਆ। ਉਦੋਂ ਮੈਨੂੰ ਪਤਾ ਲੱਗਿਆ ਕਿ ਰਾਜ, ਮਹਾਤਮਾ ਗਾਂਧੀ ਦਾ ਪੋਤਾ ਹੈ ਤੇ ਉਸ ਦੀ ਨਿਰਪੱਖ, ਗੰਭੀਰ, ਡੂੰਘੀ ਲਿਖਤ ਨੇ ਇਸ ਕਦਰ ਪ੍ਰਭਾਵਿਤ ਕੀਤਾ ਕਿ ਮੈਂ ਉਸ ਦਾ ਪੱਕਾ ਪਾਠਕ ਹੋ ਗਿਆ।

ਚੀਨ ਦੌਰੇ ਬਾਰੇ ਉਸ ਦੀਆਂ ਲਿਖੀਆਂ ਦੋ ਘਟਨਾਵਾਂ ਮੈਨੂੰ ਯਾਦ ਹਨ। ਚੀਨ ਦੇ ਵਿਦੇਸ਼ ਮੰਤਰੀ ਦੀ ਕਾਰ ਵਿੱਚ ਸਫ਼ਰ ਕਰਦਿਆਂ ਰਾਜਮੋਹਨ ਨੇ ਕੰਧਾਂ ਉਪਰ ਲੱਗੇ ਬਹੁਕੌਮੀ ਕੰਪਨੀਆਂ ਦੇ ਹੋਰਡਿੰਗਜ਼ ਦਿਖਾਉਂਦਿਆਂ ਮੰਤਰੀ ਨੂੰ ਪੁੱਛਿਆ, ”ਚੀਨ ਕਮਿਊਨਿਸਟ ਦੇਸ਼ ਹੈ, ਫਿਰ ਇਹ ਬਹੁਕੌਮੀ ਕੰਪਨੀਆਂ ਇੱਥੇ ਕਿਵੇਂ ਆ ਉੱਤਰੀਆਂ? ਖੱਬੇ ਪੱਖੀ ਦੇਸ਼ ਵਿੱਚ ਅਜਿਹਾ ਅਜੀਬ ਲੱਗਦਾ ਹੈ।” ਮੰਤਰੀ ਨੇ ਜੁਆਬ ਦਿੱਤਾ, ”ਅਸਲੀ ਕਮਿਊਨਿਸਟ ਉਹ ਹੁੰਦਾ ਹੈ ਜਿਹੜਾ ਕਾਰ ਚਲਾਉਂਦਿਆਂ ਇੰਡੀਕੇਟਰ ਖੱਬੇ ਮੁੜਨ ਦਾ ਦੇ ਕੇ ਤੇਜ਼ੀ ਨਾਲ ਸੱਜੇ ਪਾਸੇ ਮੋੜ ਕੱਟ ਜਾਏ।” ਜਦੋਂ ਨਕਸ਼ਾ ਵਿਛਾ ਕੇ ਹੱਦਾਂ ਬਾਬਤ ਵਿਚਾਰ-ਵਟਾਂਦਰਾ ਸ਼ੁਰੂ ਹੋਇਆ ਤਾਂ ਵਾਜਪਾਈ ਨੇ ਤਿੱਬਤ, ਲੇਹ ਅਤੇ ਲੱਦਾਖ ਦੇ ਇਲਾਕਿਆਂ ਉਪਰ ਉਂਗਲ ਫੇਰਦਿਆਂ ਕਿਹਾ, ”ਇਹ ਇਲਾਕੇ ਸਾਡੇ ਸਨ, ਇਨ੍ਹਾਂ ਉਪਰ ਤੁਹਾਡਾ ਕਬਜ਼ਾ ਨਾਜਾਇਜ਼ ਹੈ।” ਚੀਨੀ ਵਿਦੇਸ਼ ਮੰਤਰੀ ਨੇ ਕਿਹਾ, ”ਨਹੀਂ। ਇਹ ਇਲਾਕੇ ਮਹਾਰਾਜਾ ਰਣਜੀਤ ਸਿੰਘ ਨੇ ਜਿੱਤੇ ਸਨ, ਹਿੰਦੁਸਤਾਨ ਨੇ ਨਹੀਂ। ਉਦੋਂ ਸਰਕਾਰ ਖ਼ਾਲਸਾ ਸੀ ਤੇ ਪੰਜਾਬ ਵੱਖਰਾ ਦੇਸ਼ ਸੀ, ਹਿੰਦੁਸਤਾਨ ਵੱਖਰਾ। ਜਦੋਂ ਕਦੀ ਸਰਕਾਰ ਖ਼ਾਲਸਾ ਗੱਲਬਾਤ ਕਰੇਗੀ, ਅਸੀਂ ਸੁਣਾਂਗੇ, ਤੁਹਾਡੇ ਨਾਲ ਗੱਲ ਨਹੀਂ ਹੋ ਸਕਦੀ।”

4

ਇਸ ਕਿਤਾਬ ਵਿਚਲਾ ਪੰਜਾਬ ਮੁਗ਼ਲ ਪੰਜਾਬ ਹੈ ਤੇ ਬਾਅਦ ਵਿੱਚ ਉਹੀ ਅੰਗਰੇਜ਼ੀ ਪੰਜਾਬ ਕਹਾਇਆ ਜਿਸ ਦੀਆਂ ਹੱਦਾਂ ਦਿੱਲੀ ਤੋਂ ਪੇਸ਼ਾਵਰ ਤਕ ਸਨ। ਦਿੱਲੀ, ਪੰਜਾਬ ਦਾ ਇੱਕ ਜ਼ਿਲ੍ਹਾ ਸੀ ਜੋ ਅੰਬਾਲਾ ਡਿਵੀਜ਼ਨ ਵਿੱਚ ਪੈਂਦਾ ਸੀ। ਪਾਠਕ ਇੱਕ ਤਸਵੀਰ ਯਾਦ ਕਰਨ, 15 ਅਗਸਤ 1947, ਪੰਡਤ ਜਵਾਹਰ ਲਾਲ ਨਹਿਰੂ ਦਿੱਲੀ ਲਾਲ ਕਿਲ੍ਹੇ ਉਪਰ ਪਹਿਲੀ ਵਾਰ ਤਿਰੰਗਾ ਝੰਡਾ ਲਹਿਰਾ ਰਹੇ ਹਨ। ਉਨ੍ਹਾਂ ਨਾਲ ਖਲੋਤੇ ਸਨ ਡਾ. ਮਹਿੰਦਰ ਸਿੰਘ ਰੰਧਾਵਾ। ਰੰਧਾਵਾ ਸਾਹਿਬ ਉਦੋਂ ਦਿੱਲੀ ਦੇ ਡਿਪਟੀ ਕਮਿਸ਼ਨਰ ਸਨ।

ਲਿਖਣ ਵਾਸਤੇ ਕੀਤੀ ਮਿਹਨਤ ਬਾਰੇ ਕਿਤਾਬ ਪੜ੍ਹਨ ਤੋਂ ਬਾਅਦ ਪਤਾ ਲੱਗੇਗਾ। 432 ਪੰਨੇ ਦਸ ਅਧਿਆਇਆਂ ਵਿੱਚ ਵੰਡੇ ਹਨ ਤੇ ਕੁੱਲ 942 ਹਵਾਲੇ ਦਿੱਤੇ ਹਨ। ਪੁਰਾਣੇ ਅਤੇ ਨਵੇਂ ਇਤਿਹਾਸਕਾਰਾਂ ਦੀ ਸਮੱਗਰੀ ਦਾ ਸਰਵੇਖਣ ਹੈ, 1947 ਤੋਂ ਪਿੱਛੋਂ ਪਾਕਿਸਤਾਨੀ ਇਤਿਹਾਸਕਾਰਾਂ ਵੱਲੋਂ ਲਿਖਿਆ ਪੰਜਾਬ ਦਾ ਇਤਿਹਾਸ ਪੜ੍ਹਿਆ ਹੈ, ਇੰਟਰਵਿਊਜ਼ ਕੀਤੀਆਂ ਹਨ, ਲਾਹੌਰ ਆਰਕਾਈਵਜ਼ ਤੋਂ ਲੈ ਕੇ ਲੰਡਨ ਆਰਕਾਈਵਜ਼ ਤਕ ਖਰੜੇ ਵਾਚੇ ਹਨ। ਲਾਹੌਰ ਆਰਕਾਈਵਜ਼ ਵਿੱਚੋਂ ਕਾਂਗੜਾ ਸ਼ੈਲੀ ਵਿੱਚ ਚਿਤਰੀ ਸੂਬੇਦਾਰ ਅਦੀਨਾ ਬੇਗ ਦੀ ਪੇਂਟਿੰਗ ਦੀ ਫੋਟੋ ਲੈ ਆਂਦੀ ਹੈ। ਇਹ ਉਹੀ ਅਦੀਨਾ ਬੇਗ ਹੈ ਜਿਹੜਾ ਜੱਸਾ ਸਿੰਘ ਆਹਲੂਵਾਲੀਆ ਤੇ ਜੱਸਾ ਸਿੰਘ ਰਾਮਗੜ੍ਹੀਆ ਨਾਲ ਕਦੀ ਟਕਰਾਉਂਦਾ ਸੀ ਕਦੀ ਰਾਜ਼ੀਨਾਮੇ ਕਰਦਾ ਹੁੰਦਾ ਸੀ।

ਪਹਿਲੇ ਅਧਿਆਇ ਦਾ ਸਿਰਲੇਖ ਹੈ- ਪੰਜਾਬ ਦਾ ਇਤਿਹਾਸ ਕਿਉਂ? ਅਗਸਤ 2012 ਨੂੰ ਓਕ ਕਰੀਕ ਗੁਰਦੁਆਰੇ (ਅਮਰੀਕਾ) ਵਿੱਚ ਇੱਕ ਗੋਰੇ ਨੇ ਦਾਖਲ ਹੋਣ ਸਾਰ ਅੰਨ੍ਹੇਵਾਹ ਗੋਲੀਬਾਰੀ ਕਰ ਕੇ ਛੇ ਬੇਦੋਸ਼ੇ ਸਿੱਖਾਂ ਦੀ ਹੱਤਿਆ ਕਰ ਦਿੱਤੀ ਤਾਂ 18 ਸਾਲ ਦੀ ਹਰਪ੍ਰੀਤ ਕੌਰ ਨੇ ਇੱਕ ਵੱਡਾ ਬੈਨਰ ਅਮਰੀਕਾ ਦੀਆਂ ਕੰਧਾਂ ‘ਤੇ ਚਿਪਕਾਇਆ ਤੇ ਲਿਖਿਆ- ”ਮੈਂ ਸਿੱਖ ਹਾਂ, ਕਿਰਪਾ ਕਰ ਕੇ ਮੈਨੂੰ ਨਫ਼ਰਤ ਨਾ ਕਰੋ।” ਰਾਜਮੋਹਨ ਦਾ ਕਹਿਣਾ ਹੈ ਕਿ ਕਿਤਾਬ ਲਿਖਣ ਦਾ ਮਨੋਰਥ ਪੰਜਾਬੀਆਂ ਨੂੰ ਜਾਣਨਾ ਸੀ। ਲੇਖਕ ਬੜੇ ਦਿਲਚਸਪ ਸਵਾਲ ਕਰਦਾ ਹੈ- ਪੁਰਾਣੇ ਵੱਡੇ ਪੰਜਾਬ ਵਿੱਚ ਮੁਸਲਮਾਨਾਂ ਦੀ ਬਹੁਗਿਣਤੀ ਸੀ ਪਰ ਇਸ ਉੱਤੇ ਹਕੂਮਤ ਬਾਹਰੋਂ ਆਏ ਲੋਧੀ, ਮੁਗ਼ਲ ਅਤੇ ਪਠਾਣ ਕਰਦੇ ਰਹੇ, ਬਹੁਤ ਘੱਟ ਗਿਣਤੀ ਦੇ 8 ਫ਼ੀਸਦੀ ਸਿੱਖਾਂ ਨੇ ਪੰਜਾਬ ਉਪਰ ਕਬਜ਼ਾ ਕਰ ਲਿਆ ਤੇ ਮੁਸਲਮਾਨ ਪਰਛਾਵੇਂ ਵਾਂਗ ਉਨ੍ਹਾਂ ਨਾਲ ਚਲਦੇ ਰਹੇ। ਪੰਜਾਬੀ ਮੁਸਲਮਾਨਾਂ ਦਾ ਕਦੀ ਦਿਲ ਨਾ ਕੀਤਾ ਕਿ ਆਪਣੇ ਮੁਲਕ ‘ਤੇ ਆਪ ਰਾਜ ਕਰੀਏ? ਮਹਾਰਾਜਾ ਰਣਜੀਤ ਸਿੰਘ ਪਹਿਲਾ ਪੰਜਾਬੀ ਹੈ ਜਿਹੜਾ ਪੰਜਾਬ ‘ਤੇ ਰਾਜ ਕਰਨ ਲੱਗਾ।

ਕਮਾਲ ਇਹ ਕਿ ਜਿਨਾਹ ਪੰਜਾਬੀ ਨਹੀਂ ਸੀ, ਉਹ ਬੰਬੇ ਵਿੱਚ ਰਹਿੰਦਾ ਸੀ ਤੇ ਉਸ ਦੀ ਮੁਸਲਿਮ ਲੀਗ ਦਾ ਅਸਰ ਸਾਰੇ ਹਿੰਦੁਸਤਾਨ ਵਿੱਚ ਸੀ ਪਰ ਪੰਜਾਬ ਵਿੱਚ ਨਹੀਂ।
ਪੰਜਾਬ ਵਿੱਚ ਯੂਨੀਅਨਿਸਟ ਪਾਰਟੀ ਤਾਕਤਵਰ ਸੀ ਤੇ ਕਿਸਾਨੀ ਹਿਤਾਂ ਦੀ ਰਖਵਾਲੀ ਕਰਦੀ ਸੀ। ਇਸ ਪਾਰਟੀ ਨੇ ਨਹੀਂ, ਜਿਨਾਹ ਦੀ ਮੁਸਲਿਮ ਲੀਗ ਨੇ ਪਾਕਿਸਤਾਨ ਦੀ ਮੰਗ ਕੀਤੀ ਤੇ ਉਸ ਦੇ ਨਕਸ਼ੇ ਵਿੱਚ ਦਿੱਲੀ ਸ਼ਾਮਲ ਸੀ। ਉਸ ਦੀ ਦਲੀਲ ਸੀ- ਸਮੁੰਦਰ ਕਿਨਾਰੇ ਕਰਾਚੀ ਤੋਂ ਲੈ ਕੇ ਦਿੱਲੀ ਤਕ ਦੀ ਕੁੱਲ ਜਨਗਣਨਾ ਕਰੋ, ਮੁਸਲਮਾਨ ਬਹੁਗਿਣਤੀ ਵਿੱਚ ਹਨ ਤੇ ਸਾਡਾ ਵੱਡੇ ਪੰਜਾਬ ਉਪਰ ਪੂਰਾ ਹੱਕ ਹੈ। ਪੰਜਾਬੀ ਮੁਸਲਮਾਨ, ਗ਼ੈਰ-ਪੰਜਾਬੀ ਲੀਡਰ ਜਿਨਾਹ ਦੇ ਮਗਰ ਲੱਗ ਤੁਰਿਆ। ਜਿਨਾਹ ਦੀ ਮੁਸਲਿਮ ਲੀਗ ਅਤੇ ਮਹਾਤਮਾ ਗਾਂਧੀ ਦੀ ਕਾਂਗਰਸ ਪੰਜਾਬ ਦੀ ਵੰਡ ਦੇ ਸਖ਼ਤ ਖ਼ਿਲਾਫ਼ ਸਨ। ਇਹ ਤਾਂ ਇੱਥੋਂ ਦੇ ਸਿੱਖਾਂ ਅਤੇ ਹਿੰਦੂਆਂ ਨੇ ਰੌਲਾ ਪਾਇਆ ਕਿ ਜਾਂ ਤਾਂ ਪਾਕਿਸਤਾਨ ਬਣੇ ਹੀ ਨਾ, ਜੇ ਬਣੇ ਤਦ ਪੰਜਾਬ ਦਾ ਬਟਵਾਰਾ ਕਰ ਕੇ ਸਾਨੂੰ ਬਚਾਉ ਕਿਉਂਕਿ ਅਸੀਂ ਘੱਟ ਗਿਣਤੀ ਵਿੱਚ ਰਹਿ ਜਾਵਾਂਗੇ।

ਪੰਜਾਬੀ ਹਿੰਦੂ-ਸਿੱਖਾਂ ਨੂੰ ਬਚਾਉਣ ਵਾਸਤੇ ਕਾਂਗਰਸ ਪਾਰਟੀ ਨੇ ਪੰਜਾਬ ਦਾ ਬਟਵਾਰਾ ਕਰਨ ਦਾ ਮਤਾ ਪਾਸ ਕਰ ਦਿੱਤਾ। ਵੰਡ ਤੋਂ ਬਾਅਦ ਪਾਕਿਸਤਾਨ ਦੇ ਪੰਜਾਬੀਆਂ ਨੇ ਕਿਹਾ- ਪੰਜਾਬੀ ਨਹੀਂ ਸਾਡੀ ਮਾਤ ਭਾਸ਼ਾ ਉਰਦੂ ਹੈ ਜਿਹੜੀ ਵਧੀਕ ਨਫ਼ੀਸ, ਵਧੀਕ ਅਦਬ ਵਾਲੀ ਬੋਲੀ ਹੈ, ਭਾਰਤੀ ਪੰਜਾਬੀ ਹਿੰਦੂਆਂ ਨੇ ਕਿਹਾ- ਸਾਡੀ ਬੋਲੀ ਪੰਜਾਬੀ ਨਹੀਂ ਹਿੰਦੀ ਹੈ। ਪੰਜਾਬੀ ਸਿਰਫ਼ ਸਿੱਖਾਂ ਦੀ ਬੋਲੀ ਰਹਿ ਗਈ ਜਿਸ ਕਾਰਨ ਵੱਡਾ ਪੰਜਾਬ ਸੁੰਗੜ ਕੇ ਵਰਤਮਾਨ ਪੰਜਾਬੀ ਸੂਬਾ ਰਹਿ ਗਿਆ।

Raj-Mohan-Gandhiਰਾਜਮੋਹਨ ਆਪਣੀ ਗੱਲ ਸਿੱਧੀ ਔਰੰਗਜ਼ੇਬ ਦੇ ਪੰਜਾਬ ਤੋਂ ਨਹੀਂ ਕਰਦਾ। ਸੰਖੇਪ ਵਿੱਚ ਉਹ ਹੜੱਪਾ ਸਿੰਧ ਘਾਟੀ ਤੋਂ ਤੁਰਦਾ ਹੋਇਆ ਸਿਕੰਦਰ ਦੇ ਹਮਲਿਆਂ, ਮੌਰੀਆ, ਗੁਪਤਾ ਹਕੂਮਤਾਂ, ਕਨਿਸ਼ਕ ਅਤੇ ਹਰਸ਼ ਦੇ ਪੰਜਾਬ ਦੀ ਝਲਕ ਦਿਖਾਉਂਦਾ ਹੈ, ਅੱਠਵੀਂ ਸਦੀ ਦੇ ਆਰੰਭ ਵਿੱਚ ਹੀ ਸਿੰਧ ਪਾਰ ਕਰ ਕੇ ਅਰਬਾਂ ਨੇ ਮੁਲਤਾਨ ਕਾਬੂ ਕਰ ਲਿਆ ਸੀ ਪਰ ਲੰਮੀ ਅਉਧ ਦੀ ਹਕੂਮਤ ਅਜੇ ਸੰਭਵ ਨਾ ਹੋਈ।

ਰਾਜਮੋਹਨ ਇੱਕ ਅਧਿਆਇ ਕਤਲੋਗਾਰਤ ‘ਤੇ ਲਿਖਦਾ ਹੈ, ਇੱਕ ਅਧਿਆਇ ਮਨੁੱਖੀ ਹਮਦਰਦੀ ਉਪਰ ਹੈ, ਘੋਰ ਸੰਕਟ ਵਿੱਚ ਕਿਤੇ-ਕਿਤੇ ਇਨਸਾਨੀਅਤ ਜਿਉਂਦੀ ਵੀ ਰਹੀ। ਉਸ ਦੀ ਟਿੱਪਣੀ ਹੈ, ”ਨੌਂ ਸਦੀਆਂ ਵਿੱਚ ਪਹਿਲੀ ਵਾਰ ਪੰਜਾਬੀ ਮੂਲ ਦੇ ਬੰਦਿਆਂ ਨੇ ਪੰਜਾਬ ਉਪਰ ਰਾਜ ਕੀਤਾ, ਇਹ ਅਮਨ-ਅਮਾਨ ਦਾ ਸਮਾਂ ਸਰਕਾਰ ਖ਼ਾਲਸਾ ਦਾ ਸਮਾਂ ਸੀ। ਗਾਂਧੀ, ਨਹਿਰੂ, ਜਿਨਾਹ ਗ਼ੈਰ-ਪੰਜਾਬੀ ਸਨ। ਉਨ੍ਹਾਂ ਨੂੰ ਪੰਜਾਬ ਨਾਲ ਕੋਈ ਹਮਦਰਦੀ ਨਹੀਂ ਸੀ, ਇਹ ਤਾਂ ਪੰਜਾਬੀਆਂ ਨੂੰ ਖ਼ੁਦ ਚਾਹੀਦਾ ਸੀ ਕਿ ਆਪਣੇ ਸੰਕਟ ਦਾ ਹੱਲ ਆਪ ਕੱਢਦੇ।

ਰਾਜ ਨੂੰ ਗੁਰਬਾਣੀ ਦੇ ਸੁਨੇਹੇ ਦਾ ਪਤਾ ਹੈ, ਸੂਫ਼ੀ ਸ਼ਾਇਰਾਂ ਨੂੰ ਜਾਣਦਾ ਹੈ, ਸ਼ਾਹ ਮੁਹੰਮਦ ਦਾ ਕਿੱਸਾ ਤਾਂ ਪੜ੍ਹਿਆ ਹੀ, ਅੰਮ੍ਰਿਤਾ ਪ੍ਰੀਤਮ ਦੀ ‘ਅੱਜ ਆਖਾਂ ਵਾਰਸ ਸ਼ਾਹ ਨੂੰ …’ ਕਵਿਤਾ ਦਾ ਹਵਾਲਾ ਦਿੰਦਾ ਹੈ। ਫੈਜ਼ ਦੀ ਨਜ਼ਮ ‘ਯੇ ਦਾਗ ਦਾਗ ਉਜਾਲਾ, ਯੇ ਸ਼ਬਗੁਜ਼ੀਦਾ ਸਹਰ, ਹਮੇਂ ਇੰਤਜ਼ਾਰ ਥਾ ਜਿਸਕਾ ਯੇ ਵੋ ਸਹਰ ਤੋ ਨਹੀਂ’, ਮੰਟੋ ਦਾ ‘ਟੋਭਾ ਟੇਕ ਸਿੰਘ’ ਅਤੇ ਦਾਮਨ ਦੀ ਕਵਿਤਾ ‘ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਹਾਂ’ ਪੜ੍ਹੀ ਹੋਈ ਹੈ। ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਦੰਗਿਆਂ ਬਾਰੇ ਲਿਖਦਾ ਹੈ- 1857 ਗ਼ਦਰ ਸਮੇਂ ਦੇ ਕਤਲੇਆਮ ਤੋਂ ਬਾਅਦ 1984 ਵਿੱਚ ਦਿੱਲੀ ਸ਼ਹਿਰ ਨੇ ਸਿੱਖਾਂ ਦਾ ਭਾਰੀ ਕਤਲੇਆਮ ਦੇਖਿਆ।

2ਇਸ ਕਿਤਾਬ ਵਿੱਚ ਪੂਰਬੀ ਅਤੇ ਪੱਛਮੀ ਪੰਜਾਬਾਂ ਦੇ ਮਾਰਚ 2013 ਤਕ ਦੇ ਹਾਲਾਤ ਵਰਣਨ ਕੀਤੇ ਗਏ ਹਨ। ਕਿਤਾਬ ਪੜ੍ਹਦਿਆਂ ਕਈ ਵਾਰ ਦਿਲ ਉਦਾਸ ਹੋਇਆ ਪਰ ਰਾਜਮੋਹਨ ਜਜ਼ਬਾਤ ਤੋਂ ਮੁਕਤ ਜਾਪਦਾ ਹੈ। ਉਹ ਆਪਣੇ ਬਾਬੇ ਮਹਾਤਮਾ ਗਾਂਧੀ ਬਾਰੇ ਲਿਖਦਿਆਂ ਵੀ ਸੰਤੁਲਨ ਨਹੀਂ ਗੁਆਉਂਦਾ। ਬੰਗਾਲ ਦੇ ਬ੍ਰਾਹਮਣ ਬੈਨਰਜੀ ਖਾਨਦਾਨਾਂ ਨੇ ਜਿਵੇਂ ਸਿੱਖ ਇਤਿਹਾਸ ਲਿਖ ਕੇ ਗੁਰੂ ਸਾਹਿਬਾਨ ਦਾ ਰਿਣ ਉਤਾਰਿਆ ਸੀ, ਗੁਜਰਾਤੀ ਰਾਜਮੋਹਨ ਨੇ ਇਸ ਕਿਤਾਬ ਰਾਹੀਂ ਵਿਸ਼ਾਲ ਪੰਜਾਬ ਨੂੰ ਸਜਦਾ ਕੀਤਾ ਹੈ। ਸਮਰਪਣ ਦੇ ਸ਼ਬਦ ਹਨ :

”ਇਨਸਾਨੀਅਤ ਦੇ ਪੁੰਜ ਅਤੇ ਪਿਆਰੇ ਮਿੱਤਰਾਂ ਖੁਸ਼ਵੰਤ ਸਿੰਘ (ਸਰਗੋਧੇ ਅਤੇ ਲਾਹੌਰ ਤੋਂ ਬਾਅਦ ਦਿੱਲੀ ਵਸਿਆ), ਮੁਬਾਸ਼ਿਰ ਹਸਨ (ਪਾਣੀਪਤੋਂ ਜਾ ਕੇ ਲਾਹੌਰ ਵਸਿਆ) ਤੇ ਪਿਆਰੇ ਲਾਲ ਨੱਯਰ (ਜਿਸ ਨੇ ਵੰਡ ਤੋਂ ਪਹਿਲਾਂ ਤੇ ਵੰਡ ਤੋਂ ਬਾਅਦ ਪੰਜਾਬ-ਬੰਗਾਲ ਨੂੰ ਪਿਆਰ ਕਰਨਾ ਨਹੀਂ ਛੱਡਿਆ) ਨੂੰ ਸਮਰਪਣ।”
ਕਿਤਾਬ ਪੜ੍ਹ ਕੇ ਸਤਿਆਰਥੀ ਦਾ ਬੰਦ ਯਾਦ ਆਇਆ:
ਏਸ ਸ਼ਹਿਰ ਦਾ ਕੀ ਇਤਿਹਾਸ, ਵਜਦਾ ਆਵੇ ਢੋਲ।
ਮੈਂ ਥਲ ਦਾ ਅੰਨ੍ਹਾ ਦਰਵੇਸ, ਹੰਝੂ ਜਿਸ ਦੇ ਬੋਲ।

unnamed
Dr. Harpal Singh Pannu

Reviews

  • Total Score 0%
User rating: 100.00% ( 2
votes )Leave a Reply

Your email address will not be published. Required fields are marked *

Write the Answer * Time limit is exhausted. Please reload the CAPTCHA.